
ਕਿਹਾ-ਲੋਕਾਂ ਨੇ ਬਿਨਾਂ ਦਹਿਸ਼ਤਗਰਦੀ ਤੋਂ ਅਪਣੇ ਨੁਮਾਇੰਦੇ ਚੁਣੇ
J&K Election Results 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ’ਚ ਸੱਭ ਤੋਂ ਵੱਧ ਵੋਟ ਹਿੱਸਾ ਹਾਸਲ ਕਰਨ ਲਈ ਜੰਮੂ-ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਸ਼ਮੀਰ ਵਾਦੀ ’ਚ ਹੁਣ ਲੋਕਤੰਤਰ ਮੁੜ ਸੁਰਜੀਤ ਹੋਇਆ ਹੈ ਕਿਉਂਕਿ ਲੋਕਾਂ ਨੇ ਦਹਿਸ਼ਤਗਰਦੀ ਅਤੇ ਅਤਿਵਾਦ ਤੋਂ ਬਿਨਾਂ ਅਪਣੇ ਨੁਮਾਇੰਦੇ ਚੁਣੇ ਹਨ।
ਉਨ੍ਹਾਂ ਨੇ ਇਸ ‘ਬੇਮਿਸਾਲ ਤਬਦੀਲੀ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਭਾਜਪਾ ਜੰਮੂ-ਕਸ਼ਮੀਰ ਦੇ ਵਿਕਾਸ ਅਤੇ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ਨੂੰ ਅਤਿਵਾਦ ਮੁਕਤ ਬਣਾਉਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਾਂਗ ਇਸ ਦਾ ਵਿਕਾਸ ਕਰਨਾ ਭਾਜਪਾ ਦੀ ਪਹਿਲੀ ਤਰਜੀਹ ਹੈ।’’
ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਭਾਜਪਾ ਜੰਮੂ-ਕਸ਼ਮੀਰ ’ਚ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਏਗੀ। ਉਨ੍ਹਾਂ ਕਿਹਾ, ‘‘ਮੈਨੂੰ ਬਹੁਤ ਖੁਸ਼ੀ ਹੈ ਕਿ 80 ਦੇ ਦਹਾਕੇ ’ਚ ਅਤਿਵਾਦ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਲੋਕਾਂ ਨੇ ਇੰਨੀ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਚੋਣਾਂ ਦੇਖੀਆਂ ਹਨ।’’
ਉਨ੍ਹਾਂ ਨੇ ਸਫਲ ਅਤੇ ਸ਼ਾਂਤੀਪੂਰਨ ਚੋਣਾਂ ਲਈ ਚੋਣ ਕਮਿਸ਼ਨ, ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ, ਸੁਰੱਖਿਆ ਬਲਾਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਧਾਈ ਦਿਤੀ।
ਭਾਜਪਾ ਨੇ ਜੰਮੂ-ਕਸ਼ਮੀਰ ’ਚ 90 ’ਚੋਂ 29 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ 2014 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਸੂਬੇ ’ਚ 25 ਵਿਧਾਨ ਸਭਾ ਸੀਟਾਂ ਜਿੱਤ ਕੇ ਅਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।