
ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਸ੍ਰੀਨਗਰ - ਕੁੱਝ ਦਿਨ ਪਹਿਲਾਂ ਜ਼ੰਮੂ ਕਸ਼ਮੀਰ ਵਿਚ ਇਕ ਅਧਿਆਪਕ ਦਾ ਕਤਲ ਕੀਤਾ ਗਿਆ ਸੀ ਤੇ ਅੱਜ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅਤਿਵਾਦੀਆਂ ਹੱਥੋਂ ਮਾਰੇ ਗਏ ਅਧਿਆਪਕ ਦੀਪਕ ਚੰਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ। ਦੀਪਕ ਚੰਦ ਪਿਛਲੇ ਮਹੀਨੇ ਸ਼੍ਰੀਨਗਰ ਵਿਚ ਅਤਿਵਾਦੀਆਂ ਵਲੋਂ ਮਾਰੇ ਗਏ ਦੋ ਲੋਕਾਂ ’ਚ ਸ਼ਾਮਲ ਸਨ। ਉੱਪ ਰਾਜਪਾਲ ਦਫ਼ਤਰ ਨੇ ਟਵਿੱਟਰ ’ਤੇ ਪੋਸਟ ਵੀ ਸ਼ੇਅਰ ਕੀਤੀ ਹੈ ਕਿ ਸ਼੍ਰੀਨਗਰ ’ਚ ਅਤਿਵਾਦੀਆਂ ਵਲੋਂ ਮਾਰੇ ਗਏ ਦੀਪਕ ਚੰਦ ਦੀ ਪਤਨੀ ਆਰਾਧਨਾ ਮਹਿਰਾ ਨੂੰ ਅੱਜ ਨਿਯੁਕਤੀ ਪੱਤਰ ਸੌਂਪਿਆ ਗਿਆ ਹੈ।
ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਗਿਆ ਹੈ। ਮਹਿਰਾ ਨੇ ਇੱਥੇ ਰਾਜਭਵਨ ਵਿਚ ਉੱਪ ਰਾਜਪਾਲ ਤੋਂ ਇਹ ਨਿਯੁਕਤੀ ਪੱਤਰ ਪ੍ਰਾਪਤ ਕੀਤਾ। ਦੱਸ ਦਈਏ ਕਿ ਉੱਪ ਰਾਜਪਾਲ ਦੇ ਸਕੱਤਰੇਤ ਨੇ ਅੱਜ ਤੋਂ ਜੰਮੂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਦਫ਼ਤਰ ਰਾਜਧਾਨੀ ਸ਼੍ਰੀਨਗਰ ਤੋਂ ਸਰਦ ਰੁੱਤ ਰਾਜਧਾਨੀ ਜੰਮੂ ਟਰਾਂਸਫਰ ਹੋ ਗਿਆ ਹੈ।
ਦੱਸ ਦਈਏ ਕਿ ਬੀਤੀ 7 ਅਕਤੂਬਰ ਨੂੰ ਅਤਿਵਾਦੀਆਂ ਨੇ ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਈਦਗਾਹ ਸੰਗਮ ਇਲਾਕੇ ਵਿਚ ਸਥਿਤ ਸਰਕਾਰੀ ਬਾਲ ਹਾਇਰ ਸੈਕੰਡਰੀ ਸਕੂਲ ਵਿਚ ਦਾਖ਼ਲ ਹੋ ਕੇ ਦੀਪਕ ਚੰਦ ਸਮੇਤ ਦੋ ਅਧਿਆਪਕਾਂ ’ਤੇ ਗੋਲੀਆਂ ਚਲਾਈਆਂ ਸਨ, ਜਿਸ ’ਚ ਦੋਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਘੱਟ ਗਿਣਤੀ ਭਾਈਚਾਰੇ ਦੀ ਇਕ ਮਹਿਲਾ ਸੁਪਿੰਦਰ ਕੌਰ (46) ਦੀ ਵੀ ਪਹਿਚਾਣ ਕੀਤੀ ਗਈ, ਜਿਸ ਦਾ ਵੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਅੱਤਵਾਦੀ ਸੰਗਠਨ ਦਿ ਰੈਸਿਸਟੇਂਟ ਫੋਰਸ ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ।