
ਮਾਹੌਲ ਨੂੰ ਆਪਣੇ ਹੱਕ 'ਚ ਭੁਗਤਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀਆਂ ਦੋਵੇਂ ਧਿਰਾਂ
ਚੰਡੀਗੜ੍ਹ: ਭਾਰਤ ਬੰਦ ਨੂੰ ਹਰ ਵਰਗ ਦੇ ਮਿਲੇ ਭਾਰੀ ਸਮਰਥਨ ਤੋਂ ਬਾਅਦ ਕੇਂਦਰ ਸਰਕਾਰ ਮਸਲੇ ਦੇ ਛੇਤੀ ਹੱਲ ਲਈ ਸਰਗਰਮ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਆਗੂਆਂ ਸਮੇਤ ਪੰਜਾਬ ਹਰਿਆਣਾ ਦੇ ਦਿਗਜ ਆਗੂਆਂ ਨਾਲ ਰਾਬਤਾ ਕਾਇਮ ਕਰਦਿਆਂ ਭਲਕੇ ਦੀ ਮੀਟਿੰਗ ਦੀਆਂ ਤਿਆਰੀਆਂ ਆਰੰਭ ਦਿਤੀਆਂ ਹਨ। ਗ੍ਰਹਿ ਮੰਤਰੀ ਨੇ ਅੱਜ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ ਹੈ।
Singhu Border
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ ‘ਤੇ ਗੱਲਬਾਤ ਕੀਤੀ। ਭਾਵੇਂ ਪ੍ਰਧਾਨ ਮੰਤਰੀ ਦੇ ਫੋਨ ਨੂੰ ਜਨਮ ਦਿਨ ਦੀਆਂ ਮੁਬਾਰਕਾ ਦੇਣਾ ਦਸਿਆ ਜਾ ਰਿਹਾ ਹੈ, ਪਰ ਭਾਰਤ ਬੰਦ ਦੌਰਾਨ ਕੀਤੇ ਗਏ ਇਸ ਫੋਨ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।
Amit Shah
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਫੋਨ ਜ਼ਰੀਏ ਗੱਲਬਾਤ ਕੀਤੀ ਹੈ। ਇਸ ਤੋਂ ਪਹਿਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਚੁਕੇ ਹਨ। ਦੂਜੇ ਪਾਸੇ ਕਿਸਾਨੀ ਸੰਘਰਸ਼ ਵੀ ਨਿਰਣਾਇਕ ਮੋੜ ‘ਚ ਪਹੁੰਚਦਾ ਵਿਖਾਈ ਦੇ ਰਿਹਾ ਹੈ। ਕਿਸਾਨਾਂ ਨੂੰ ਜ਼ਿਆਦਾਤਰ ਸਿਵਲ ਸੁਸਾਇਟੀਆਂ ਦੀ ਹਮਾਇਤ ਮਿਲਣ ਬਾਅਦ ਭਾਜਪਾ ਨੂੰ ਛੱਡ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੀ ਪਿੱਠ ‘ਤੇ ਆ ਗਈਆਂ ਹਨ।
narinder modi
ਸੱਤਾਧਾਰੀ ਧਿਰ ਵੀ ਆਪਣੇ ਸਾਰੇ ਹੱਥਕੰਡੇ ਅਜ਼ਮਾ ਕੇ ਵੇਖ ਰਹੀ ਹੈ। ਹਰਿਆਣਾ ‘ਚੋਂ ਕਿਸਾਨਾਂ ਦੇ ਇਕ ਜਥੇ ਨਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੀਟਿੰਗ ਕਰ ਖੇਤੀ ਕਾਨੂੰਨਾਂ ਦੇ ਹੱਕ ‘ਚ ਖਲੋਣ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਰਾਸ਼ਟਰੀ ਮੀਡੀਆ ਵੀ ਭਾਰਤ ਬੰਦ ਨੂੰ ਬੇਅਸਰ ਸਾਬਤ ਕਰਨ ‘ਚ ਜੁਟਿਆ ਹੋਇਆ ਹੈ। ਕੇਂਦਰੀ ਮੰਤਰੀਆਂ ਸਮੇਤ ਭਾਜਪਾ ਆਗੂ ਅਜੇ ਵੀ ਭਾਰਤ ਬੰਦ ਪਿਛੇ ਵਿਰੋਧੀ ਧਿਰਾਂ ਦੀ ਰਣਨੀਤੀ ਹੋਣ ਦੇ ਦੋਸ਼ ਲਾ ਰਹੇ ਹਨ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਕਿਸਾਨੀ ਸੰਘਰਸ਼ ਕਾਰਨ ਬਣੇ ਮਾਹੌਲ ਨੂੰ ਆਪਣੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।