
ਆਮ ਲੋਕਾਂ ਨੂੰ 'ਭਾਰਤ ਬੰਦ' ਦੇ ਕਾਰਨ ਕਿਸੇ ਗੱਲ ਦੀ ਅਸੁਵਿਧਾ ਨਾ ਹੋਵੇ।
ਨਵੀਂ ਦਿੱਲੀ: ਕੇਂਦਰ ਵਲੋਂ ਜਾਰੀ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੰਦੋਲਨ ਜਾਰੀ ਹੈ। ਇਸ ਦੌਰਾਨ ਕਿਸਾਨਾਂ ਵਲੋਂ ਹੋਰ ਸੰਘਰਸ਼ ਤੇਜ਼ ਕਰਦੇ ਹੋਏ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਬੰਦ ਨੂੰ ਵੇਖਦੇ ਹੋਏ ਉੱਤਰ ਪ੍ਰਦੇਸ਼ ਰਾਜ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਆਮ ਲੋਕਾਂ ਨੂੰ 'ਭਾਰਤ ਬੰਦ' ਦੇ ਕਾਰਨ ਕਿਸੇ ਗੱਲ ਦੀ ਅਸੁਵਿਧਾ ਨਾ ਹੋਵੇ।
ਇਸ ਦੇ ਨਾਲ ਹੀ ਯੋਗੀ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ। ਦਿੱਲੀ ਦੀ ਸਰਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਚੌਕਸੀ ਕੀਤੀ ਜਾ ਰਹੀ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਫੋਰਸ ਨੂੰ ਉਥੇ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਲਖਨਾਉ ਦੇ ਮੈਜਿਸਟ੍ਰੇਟ ਅਭਿਸ਼ੇਕ ਪ੍ਰਕਾਸ਼ ਨੇ ਰਾਜ ਦੀ ਰਾਜਧਾਨੀ ਦੇ ਦਿਹਾਤੀ ਇਲਾਕਿਆਂ ਵਿੱਚ ਧਾਰਾ 144 ਤਹਿਤ ਪਾਬੰਦੀਸ਼ੁਦਾ ਆਦੇਸ਼ ਵਧਾਏ ਹਨ। ਸੰਯੁਕਤ ਪੁਲਿਸ ਕਮਿਸ਼ਨਰ ਨਵੀਨ ਅਰੋੜਾ ਨੇ ਕਿਹਾ "ਸੈਕਟਰ ਯੋਜਨਾ ਭਾਰਤ ਬੰਦ ਦੇ ਮੱਦੇਨਜ਼ਰ ਲਾਗੂ ਕੀਤੀ ਗਈ ਸੀ।"
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੁਲਿਸ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਵਪਾਰੀ 4 ਘੰਟੇ ਦੇ ਬੰਦ ਦੌਰਾਨ ਆਪਣੀਆਂ ਅਦਾਰਿਆਂ-ਦੁਕਾਨਾਂ ਦੇ ਸ਼ਟਰ ਬੰਦ ਕਰਨ ਲਈ ਮਜਬੂਰ ਨਾ ਕੀਤੇ ਜਾਣ। ਬੰਦ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 3 ਵਜੇ ਖ਼ਤਮ ਹੋਵੇਗਾ।