
ਕਿਹਾ, ਦੋਸ਼ਾਂ ’ਤੇ ਕੈਨੇਡਾ ਨੇ ਕੋਈ ਖਾਸ ਅਤੇ ਢੁਕਵੀਂ ਜਾਣਕਾਰੀ ਸਾਂਝੀ ਨਹੀਂ ਕੀਤੀ
ਨਵੀਂ ਦਿੱਲੀ: ਸਰਕਾਰ ਨੇ ਸੰਸਦ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਨੇ ਅਪਣੀ ਧਰਤੀ ’ਤੇ ਇਕ ਵੱਖਵਾਦੀ ਸਿੱਖ ਆਗੂ ਦੇ ਮਾਰੇ ਜਾਣ ’ਚ ਭਾਰਤ ਨਾਲ ਸੰਭਾਵਤ ਸਬੰਧਾਂ ਦੇ ਦੋਸ਼ਾਂ ’ਤੇ ਕੋਈ ਖਾਸ ਅਤੇ ਢੁਕਵੀਂ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਲੋਕ ਸਭਾ ’ਚ ਕਿਹਾ ਕਿ ਸਰਕਾਰ ਨੇ ਕੈਨੇਡਾ ’ਚ ਭਾਰਤ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਬਾਰੇ ਅਪਣੀਆਂ ਚਿੰਤਾਵਾਂ ਤੋਂ ਕੈਨੇਡਾ ਨੂੰ ਜਾਣੂ ਕਰਵਾ ਦਿਤਾ ਹੈ ਅਤੇ ਓਟਾਵਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਅਨਸਰਾਂ ਨੂੰ ਪਨਾਹ ਨਾ ਦੇਣ ਤੋਂ ਇਲਾਵਾ ਉਨ੍ਹਾਂ ਵਿਰੁਧ ਕਾਰਵਾਈ ਕਰੇ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਕੈਨੇਡਾ ’ਚ ਹਿੰਸਾ ਦੀ ਕਿਸੇ ਵੀ ਕਾਰਵਾਈ ’ਚ ਸ਼ਾਮਲ ਹੋਣ ਦੇ ਦੋਸ਼ਾਂ ਨੂੰ ਖਾਰਜ ਕਰ ਦਿਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਕੈਨੇਡਾ ਦੀ ਧਰਤੀ ’ਤੇ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦਾ ਸਨਸਨੀਖੇਜ਼ ਦੋਸ਼ ਲਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿਤਾ ਹੈ।