ਜਾਸੂਸੀ ਕੈਮਰੇ ਅਤੇ ਬਲੂਟੁੱਥ ਨਾਲ ਨਕਲ ਕਰਵਾਉਣ ਵਾਲੇ 4 ਜੂਨੀਅਰ ਕਲਰਕ ਗ੍ਰਿਫ਼ਤਾਰ
ਜੈਪੁਰ : ਰਾਜਸਥਾਨ ਹਾਈ ਕੋਰਟ ਨੇ ਚਾਰ ਜੂਨੀਅਰ ਕਲਰਕਾਂ ਨੂੰ 2022 ਦੀ ਸਾਂਝੀ ਪ੍ਰੀਖਿਆ ’ਚ ਐਡਵਾਂਸ ਤਕਨੀਕ ਦੀ ਵਰਤੋਂ ਕਰਕੇ ਨਕਲ ਕਰਨ ਦੇ ਆਰੋਪ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਚਾਰੋ ਆਰੋਪੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ 10 ਦਸੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਸਪੈਸ਼ਲ ਅਪ੍ਰੇਸ਼ਨ ਗਰੁੱਪ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਲੀਕ ਕਰਨ ਅਤੇ ਕੁੱਝ ਪ੍ਰੀਖਿਆਰਥੀਆਂ ਨੂੰ ਉਤਰ ਭੇਜਣ ਦੇ ਲਈ ਬਲੂਟੁੱਥ ਡਿਵਾਈਸ ਅਤੇ ਜਾਸੂਸ ਕੈਮਰੇ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਇਨ੍ਹਾਂ ਚਾਰੋਂ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਓ.ਜੀ. ਨੇ ਦੱਸਿਆ ਕਿ ਗ੍ਰਿਫ਼ਤਾਰ ਆਰੋਪੀਆਂ ਦੀ ਪਹਿਚਾਣ ਦਿਨੇਸ਼ ਕੁਮਾਰ, ਮਨੋਜ ਕੁਮਾਰ ਬੋਰਾਣ, ਰਮੇਸ਼ ਕੁਮਾਰ ਅਤੇ ਮਨੀਸ਼ ਬੁੜੀਆ ਦੇ ਰੂਪ ’ਚ ਹੋਈ ਹੈ। ਸਾਰੇ ਆਰੋਪੀ ਰਾਜਸਥਾਨ ਦੀਆਂ ਵੱਖ-ਵੱਖ ਅਦਾਲਤਾਂ ਵਿਚ ਕੰਮ ਕਰਦੇ ਹਨ।
ਐਸ.ਓ.ਜੀ. ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਗਲਤ ਤਰੀਕਿਆਂ ਨਾਲ ਜੂਨੀਅਰ ਨਿਆਂਇਕ ਸਹਾਇਕ, ਕਲਰਕ ਗਰੇਡ-2 ਅਤੇ ਸਹਾਇਕ ਕਲਰਕ ਗਰੇਡ-2 ਪ੍ਰੀਖਿਆਵਾਂ ’ਚ ਆਪਣਾ ਸਥਾਨ ਹਾਸਲ ਕੀਤਾ। ਕਈ ਭਰਤੀ ਪ੍ਰੀਖਿਆਵਾਂ ’ਚ ਗੜਬੜੀ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਜਾਂਚ ਸ਼ੁਰੂ ਹੋਈ। ਇਸੇ ਦੌਰਾਨ ਆਯੋਜਿਤ ਈ.ਓ, ਆਰ. ਓ. ਪ੍ਰੀਖਿਆ ’ਚ ਕਮੀਆਂ ਦੀ ਜਾਂਚ ਕਰਦੇ ਸਮੇਂ ਐਸ.ਓ.ਜੀ਼ ਨੂੰ ਨਕਲ ਨੈਟਵਰਕ ਦਾ ਪਤਾ ਚਲਿਆ ਜੋ ਹਾਈ ਕੋਰਟ ਦੇ ਜੂਨੀਅਰ ਕਲਰਕ ਪ੍ਰੀਖਿਆ ਤੱਕ ਫੈਲਿਆ ਹੋਇਆ ਸੀ।
