
ਸੁਪਰੀਮ ਕੋਰਟ ਨੇ ਆਲੋਕ ਕੁਮਾਰ ਵਰਮਾ ਨੂੰ ਸੀਬੀਆਈ ਡਾਇਰੈਕਟਰ ਅਹੁਦੇ 'ਤੇ ਮੰਗਲਵਾਰ ਨੂੰ ਬਹਾਲ ਕਰਦਿਆਂ...........
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਲੋਕ ਕੁਮਾਰ ਵਰਮਾ ਨੂੰ ਸੀਬੀਆਈ ਡਾਇਰੈਕਟਰ ਅਹੁਦੇ 'ਤੇ ਮੰਗਲਵਾਰ ਨੂੰ ਬਹਾਲ ਕਰਦਿਆਂ ਉਨ੍ਹਾਂ ਦੇ ਅਧਿਕਾਰ ਵਾਪਸ ਲੈਣ ਅਤੇ ਛੁੱਟੀ 'ਤੇ ਭੇਜਣ ਦੇ ਕੇਂਦਰ ਦੇ ਫ਼ੈਸਲੇ ਰੱਦ ਕਰ ਦਿਤੇ। ਉੱਚ ਅਦਾਲਤ ਨੇ ਵਰਮਾ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੀ ਜਾਂਚ ਪੂਰੀ ਹੋਣ ਤਕ ਉਨ੍ਹਾਂ ਨੂੰ (ਵਰਮਾ ਨੂੰ) ਕੋਈ ਵੀ ਵੱਡਾ ਫ਼ੈਸਲਾ ਲੈਣ ਤੋਂ ਰੋਕ ਦਿਤਾ ਸੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਵਰਮਾ ਵਿਰੁਧ ਅੱਗੇ ਕੋਈ ਵੀ ਫ਼ੈਸਲਾ ਸੀਬੀਆਈ ਡਾਇਰੈਕਟਰ ਦੀ ਚੋਣ ਜਾਂ ਨਿਯੁਕਤੀ ਕਰਨ ਵਾਲੀ ਉਚ ਅਧਿਕਾਰ ਪ੍ਰਾਪਤ ਕਮੇਟੀ ਵਲੋਂ ਕੀਤਾ ਜਾਏਗਾ।
ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇਐਮ ਜੋਸਫ਼ ਦੀ ਕਮੇਟੀ ਨੇ ਅਲੋਕ ਵਰਮਾ ਅਤੇ ਗੈਰ ਸਰਕਾਰੀ ਜਥੇਬੰਦੀ 'ਕਾਮਨ ਕਾਜ਼' ਆਦਿ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਸੀ। ਇਸ ਵਿਸ਼ੇ ਵਿਚ ਹਾਲਾਂਕਿ ਚੀਫ਼ ਜਸਟਿਸ ਨੇ ਫੈਸਲਾ ਲਿਖਿਆ ਪਰ ਉਹ ਅੱਜ ਅਦਾਲਤ ਵਿਚ ਹਾਜ਼ਰ ਨਹੀਂ ਸਨ। ਇਸ ਲਈ ਇਹ ਫ਼ੈਸਲਾ ਜਸਟਿਸ ਕੌਲ ਅਤੇ ਜਸਟਿਸ ਕਫ਼ ਨੇ ਸੁਣਾਇਆ। ਕਮੇਟੀ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਉਚ ਅਧਿਕਾਰ ਪ੍ਰਾਪਤ ਸਮਿਤੀ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਫੈਸਲਾ ਲਏਗੀ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਵਿਚ ਕਮੇਟੀ ਦੀ ਬੈਠਕ ਸੱਦੀ ਜਾਏਗੀ।
ਜ਼ਿਕਰਯੋਗ ਹੈ ਕਿ ਕਮੇਟੀ ਨੇ ਸੀਨੀਅਰ ਆਈਪੀਐਸ ਅਧਿਕਾਰੀ ਐਮ ਨਾਗੇਸ਼ਵਰ ਰਾਉ ਦੀ ਸੀਬੀਆਈ ਦੇ ਅੰਤਰਿਮ ਮੁਖੀ ਦੇ ਤੌਰ 'ਤੇ ਨਿਯੁਕਤੀ ਰੱਦ ਕਰ ਦਿਤੀ। ਅਦਾਲਤ ਨੇ ਸੀਬੀਆਈ ਮੁਖੀ ਦੇ ਦੌਰ 'ਤੇ ਵਰਮਾਂ ਦੇ ਅਧਿਕਾਰ ਵਾਪਸ ਲੈਣ ਅਤੇ ਉਨ੍ਹਾਂ ਨੂੰ ਛੁੱਟੀ 'ਤੇ ਭੇਜਣ ਦੇ ਕੇਂਦਰ ਦੇ 23 ਅਕਤੂਬਰ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ।
ਕੇਂਦਰ ਨੈ ਵਰਮਾ ਅਤੇ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਇਕ ਦੂਜੇ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਮਗਰੋਂ ਉਨ੍ਹਾਂ ਦੇ ਝਗੜੇ ਜਨਤਕ ਹੋਣ 'ਤੇ ਇਹ ਫ਼ੈਸਲਾ ਲਿਆ ਸੀ। ਅਲੋਕ ਕੁਮਾਰ ਵਰਮਾ ਦਾ ਕੇਂਦਰੀ ਜਾਂਚ ਬਿਉਰੋ ਦੇ ਡਾਇਰੈਕਟਰ ਦੇ ਰੂਪ ਵਿਚ ਦੋ ਸਾਲ ਦਾ ਕਾਰਜਕਾਲ 31 ਜਨਵਰੀ ਨੂੰ ਪੂਰਾ ਹੋ ਰਿਹਾ ਹੈ। (ਪੀਟੀਆਈ)