
ਘੱਟੋ ਘੱਟ 2.8 ਤਾਪਮਾਨ ਨਾਲ ਪੰਜਾਬ ਦਾ ਆਦਮਪੁਰ ਰਿਹਾ ਸਭ ਤੋਂ ਠੰਢਾ
ਰਾਜਸਥਾਨ ਦੇ ਚੁਰੂ ’ਚ ਰਿਹਾ ਘੱਟੋ ਘੱਟ ਤਾਪਮਾਨ ਮਨਫੀ 0.5 ਡਿਗਰੀ
11 ਅਤੇ 12 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ
ਨਵੀਂ ਦਿੱਲੀ :ਦੇਸ਼ ਵਿਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਦੌਰ ਜਾਰੀ ਹੈ ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਮੈਦਾਨ ਪਹਾੜੀ ਇਲਾਕਿਆਂ ਨਾਲੋਂ ਵੀ ਜ਼ਿਆਦਾ ਠੰਢੇ ਰਹੇ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਮੈਦਾਨੀ ਇਲਾਕੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਨਾਲੋਂ ਵੀ ਵੱਧ ਠੰਢੇ ਰਹੇ। ਪੰਜਾਬ ਦੇ ਆਦਮਪੁਰ ’ਚ ਅੱਜ ਘੱਟੋ ਘੱਟ ਤਾਪਮਾਨ 2.8, ਹਰਿਆਣਾ ਦੇ ਹਿਸਾਰ ’ਚ 1.4 ਜਦਕਿ ਰਾਜਸਥਾਨ ਦੇ ਚੁਰੂ ’ਚ ਘੱਟੋ ਘੱਟ ਤਾਪਮਾਨ ਮਨਫੀ 0.5 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੇ ਬਠਿੰਡਾ ਤੇ ਉੱਤਰ ਪ੍ਰਦੇਸ਼ ਦੇ ਆਗਰਾ ’ਚ ਸੰਘਣੀ ਧੁੰਦ ਕਾਰਨ ਦੇਖਣ ਦੀ ਸਮਰੱਥਾ ਜ਼ੀਰੋ ਮੀਟਰ ਤੱਕ ਪਹੁੰਚ ਗਈ ਅਤੇ ਪਟਿਆਲਾ, ਲੁਧਿਆਣਾ, ਅਮ੍ਰਿਤਸਰ, ਅੰਬਾਲਾ, ਭਿਵਾਨੀ ਚੰਡੀਗੜ੍ਹ, ਹਿਸਾਰ, ਅਲਵਰ, ਗੰਗਾਨਗਰ ਤੇ ਲਖਨਊ ਸਮੇਤ ਹੋਰ ਥਾਵਾਂ ’ਤੇ ਦੇਖਣ ਦੀ ਸਮਰੱਥਾ 25 ਤੋਂ 50 ਮੀਟਰ ਵਿਚਾਲੇ ਬਣੀ ਰਹੀ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਆਦਮਪੁਰ ’ਚ ਘੱਟੋ ਘੱਟ ਤਾਪਮਾਨ 2.8, ਰੂਪਨਗਰ ’ਚ 3.3, ਬਠਿੰਡਾ ’ਚ 3.4, ਗੁਰਦਾਸਪੁਰ ’ਚ 4.5, ਲੁਧਿਆਣਾ ’ਚ 5.3, ਪਟਿਆਲਾ ’ਚ 4.3, ਅੰਮ੍ਰਿਤਸਰ ’ਚ 6.6 ਅਤੇ ਮੁਹਾਲੀ ’ਚ ਘੱਟੋ ਘੱਟ ਤਾਪਮਾਨ 5.7 ਡਿਗਰੀ ਰਿਹਾ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ’ਚ ਘੱਟੋ ਘੱਟ ਤਾਪਮਾਨ 1.4, ਸਿਰਸਾ ਵਿੱਚ 3.2, ਭਿਵਾਨੀ ’ਚ 4, ਰੋਹਤਕ ’ਚ 3.8, ਨਾਰਨੌਲ ’ਚ 3 ਤੇ ਅੰਬਾਲਾ ’ਚ ਘੱਟੋ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ 11 ਅਤੇ 12 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਤੇ ਵੀਰਵਾਰ ਨੂੰ ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਸਣੇ ਮਾਲਵਾ ਖੇਤਰ ਵਿੱਚ ਕਿਣਮਿਣ ਹੋ ਸਕਦੀ ਹੈ।