9 ਮੌਤਾਂ, 40 ਦੇ ਕਰੀਬ ਜ਼ਖਮੀ
ਨਾਹਨ: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ’ਚ ਸ਼ੁਕਰਵਾਰ ਦੁਪਹਿਰ ਨੂੰ ਇਕ ਨਿੱਜੀ ਬੱਸ 500 ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਜ਼ਖਮੀ ਹੋ ਗਏ।
ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸ਼ਿਮਲਾ ਤੋਂ ਰਾਜਗੜ੍ਹ ਹੁੰਦੇ ਹੋਏ ਕੁਪਵੀ ਜਾ ਰਹੀ ਬੱਸ ਸੜਕ ਤੋਂ ਉਤਰ ਕੇ ਹੇਠਾਂ ਖੱਡ ਵਿਚ ਡਿੱਗ ਗਈ ਅਤੇ ਜ਼ਿਲ੍ਹਾ ਹੈੱਡਕੁਆਰਟਰ ਨਾਹਨ ਤੋਂ ਲਗਭਗ 95 ਕਿਲੋਮੀਟਰ ਦੂਰ ਹਰੀਪੁਰਧਰ ਪਿੰਡ ਨੇੜੇ ਉਲਟਾ ਡਿੱਗ ਗਈ। ਮੌਕੇ ਉਤੇ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਸਬ-ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਸੁਨੀਲ ਕਾਯਥ ਨੇ ਦਸਿਆ ਕਿ 9 ਬੱਸ ਮੁਸਾਫ਼ਰਾਂ ਦੀ ਮੌਤ ਹੋ ਗਈ ਹੈ ਅਤੇ 40 ਦੇ ਕਰੀਬ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜੰਗੀ ਪੱਧਰ ਉਤੇ ਚੱਲ ਰਿਹਾ ਹੈ ਅਤੇ ਸਾਰੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਨੇੜਲੇ ਸੰਗਰਾਹ ਅਤੇ ਦਾਦਾਹੂ ਹਸਪਤਾਲਾਂ ਵਿਚ ਲਿਜਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇ ਅਤੇ ਜ਼ਖਮੀਆਂ ਨੂੰ ਵਧੀਆ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਉਦਯੋਗ ਮੰਤਰੀ ਅਤੇ ਸ਼ਾਲਾਈ ਵਿਧਾਨ ਸਭਾ ਹਲਕੇ ਦੇ ਸਥਾਨਕ ਵਿਧਾਇਕ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਨ੍ਹਾਂ ਨੇ ਇਸ ਘਟਨਾ ਉਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਉ ’ਚ ਵੇਖਿਆ ਜਾ ਰਿਹਾ ਹੈ ਕਿ ਵੱਡੀ ਭੀੜ ਬਚਾਅ ਕਾਰਜਾਂ ’ਚ ਮਦਦ ਕਰ ਰਹੀ ਹੈ ਅਤੇ ਜ਼ਖਮੀਆਂ ਨੂੰ ਬੱਸ ਦੇ ਮਲਬੇ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਦਸੇ ਤੋਂ ਬਾਅਦ ਸਥਾਨਕ ਲੋਕ ਬਚਾਅ ਲਈ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਹੋਰ ਅਧਿਕਾਰੀ ਵੀ ਕੰਮ ਉਤੇ ਲੱਗੇ ਹੋਏ ਹਨ। ਹਰੀਪੁਰਧਰ ਦੇ ਵਸਨੀਕ ਅਤੇ ਭਾਜਪਾ ਦੀ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਬਲਬੀਰ ਚੌਹਾਨ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਮੁਸ਼ਕਲ ਹਾਲਾਤਾਂ ਵਿਚ ਮੁਸਾਫ਼ਰਾਂ ਨੂੰ ਡੂੰਘੀ ਖੱਡ ਤੋਂ ਬਚਾਉਣ ਲਈ ਕਮਾਲ ਦਾ ਕੰਮ ਕੀਤਾ।
