ਅਦਾਲਤੀ ਕਮਰੇ ’ਚ ਭਾਰੀ ਭੀੜ ਕਾਰਨ ਹਾਈ ਕੋਰਟ ਨੇ ਪਟੀਸ਼ਨਾਂ ਦੀ ਸੁਣਵਾਈ 14 ਜਨਵਰੀ ਤਕ ਕੀਤੀ ਮੁਲਤਵੀ
ਨਵੀਂ ਦਿੱਲੀ: ਕੇਂਦਰ ਸਰਕਾਰ ਵਲੋਂ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਵਿਰੋਧ ’ਚ ਗ੍ਰਹਿ ਮੰਤਰਾਲੇ ਦੇ ਦਫ਼ਤਰ ਬਾਹਰ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੂੰ ਹਿਰਾਸਤ ’ਚ ਲਿਆ ਗਿਆ।
ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋਂ ਬਾਹਰ ਕੱਢ ਦਿਤਾ, ਉਨ੍ਹਾਂ ਨੂੰ ਚੁੱਕ ਲਿਆ ਅਤੇ ਸੰਸਦ ਮੈਂਬਰਾਂ ਨੂੰ ਘਸੀਟਦੇ ਹੋਏ ਇਲਾਕੇ ਨੂੰ ਖਾਲੀ ਕਰ ਦਿਤਾ। ਇਹ ਵਿਰੋਧ ਪ੍ਰਦਰਸ਼ਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੋਲਾ ਤਸਕਰੀ ਮਾਮਲੇ ਦੇ ਸਬੰਧ ਵਿਚ ਸਿਆਸੀ ਸਲਾਹਕਾਰ ਫਰਮ ਆਈ-ਪੈਕ ਦੇ ਦਫ਼ਤਰ ਅਤੇ ਇਸ ਦੇ ਮੁਖੀ ਦੇ ਘਰ ਛਾਪੇਮਾਰੀ ਵਿਰੁਧ ਕੀਤਾ ਜਾ ਰਿਹਾ ਸੀ। ਈ.ਡੀ. ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇਮਾਰਤ ਵਿਚ ਦਾਖਲ ਹੋਏ ਅਤੇ ਜਾਂਚ ਨਾਲ ਜੁੜੇ ‘ਮਹੱਤਵਪੂਰਨ’ ਸਬੂਤ ਖੋਹ ਲਏ।
ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸੰਸਦ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਕੇ ਸੰਸਦ ਸਟਰੀਟ ਥਾਣੇ ਲਿਜਾਇਆ ਗਿਆ, ਕਿਉਂਕਿ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਸੰਸਦ ਮੈਂਬਰਾਂ ਨੂੰ ਪੁਲਿਸ ਨੇ ਦੁਪਹਿਰ 3 ਵਜੇ ਦੇ ਕਰੀਬ ਰਿਹਾਅ ਕਰ ਦਿਤਾ।
ਸੰਸਦ ਮੈਂਬਰ ਡੇਰੇਕ ਓ ਬ੍ਰਾਇਨ, ਸਤਬਦੀ ਰਾਏ, ਮਹੂਆ ਮੋਇਤਰਾ, ਬਾਪੀ ਹਲਦਾਰ, ਸਾਕੇਤ ਗੋਖਲੇ, ਪ੍ਰਤਿਮਾ ਮੰਡਲ, ਕੀਰਤੀ ਆਜ਼ਾਦ ਅਤੇ ਸ਼ਰਮੀਲਾ ਸਰਕਾਰ ਨੇ ਤਖਤੀਆਂ ਫੜ ਕੇ ਕਰਤਵਯ ਭਵਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਸੰਸਦ ਮੈਂਬਰਾਂ ਨੂੰ ਇਮਾਰਤ ਵਿਚ ਦਾਖਲ ਹੋਣ ਤੋਂ ਰੋਕ ਦਿਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਵਲੋਂ ਇਲਾਕਾ ਖਾਲੀ ਕਰਨ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਗੇਟ ਉਤੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੋਂ ਜ਼ਬਰਦਸਤੀ ਬਾਹਰ ਕੱਢ ਦਿਤਾ ਗਿਆ।
ਸੰਸਦ ਮੈਂਬਰਾਂ ਨੂੰ ਚੁੱਕਣ, ਧੱਕਾ ਦੇਣ ਅਤੇ ਬੱਸ ਵਿਚ ਧੱਕੇ ਮਾਰਨ ਦੇ ਦ੍ਰਿਸ਼ ਸੋਸ਼ਲ ਮੀਡੀਆ ਉਤੇ ਫੈਲ ਗਏ, ਕਈ ਕਲਿੱਪਾਂ ਟੀ.ਐਮ.ਸੀ. ਨੇ ਅਪਣੇ ਅਧਿਕਾਰਤ ‘ਐਕਸ’ ਹੈਂਡਲ ਉਤੇ ਸਾਂਝੀਆਂ ਕੀਤੀਆਂ।
ਪਾਰਟੀ ਨੇ ਕਿਹਾ, ‘‘ਇਹ ਕਿਸ ਤਰ੍ਹਾਂ ਦਾ ਹੰਕਾਰ ਹੈ, ਅਮਿਤ ਸ਼ਾਹ? ਕੀ ਤੁਸੀਂ ਹੁਣ ਅਪਣੀ ਦਿੱਲੀ ਪੁਲਿਸ ਦੀ ਵਰਤੋਂ ਸਿਰਫ ਲੋਕਤੰਤਰ ਨੂੰ ਕੁਚਲਣ ਲਈ ਚੁਣੇ ਹੋਏ ਨੁਮਾਇੰਦਿਆਂ ਉਤੇ ਹਮਲਾ ਕਰਨ ਲਈ ਕਰ ਰਹੇ ਹੋ? ਕੀ ਇਸ ਤਰ੍ਹਾਂ ਤੁਹਾਡੇ ਭਾਰਤ ਵਿਚ ਅਸਹਿਮਤੀ ਨੂੰ ਚੁੱਪ ਕਰਵਾਇਆ ਜਾਂਦਾ ਹੈ?’’
ਪਾਰਟੀ ਨੇ ਅੱਗੇ ਕਿਹਾ, ‘‘ਮੰਨ ਲਓ ਕਿ ਤੁਸੀਂ ਭੜਕ ਗਏ ਹੋ! ਪਹਿਲਾਂ, ਈ.ਡੀ. ਦੀ ਬੇਸ਼ਰਮੀ ਨਾਲ ਦੁਰਵਰਤੋਂ ਅਤੇ ਹੁਣ, ਸਾਡੇ ਅੱਠ ਸੰਸਦ ਮੈਂਬਰਾਂ ਦੇ ਸ਼ਾਂਤਮਈ ਧਰਨੇ ਉਤੇ ਹਮਲਾ। ਇਹ ਨਿਰਾਸ਼ਾ ਤੁਹਾਡੇ ਡਰ ਦਾ ਪਰਦਾਫਾਸ਼ ਕਰਦੀ ਹੈ। ਤੁਸੀਂ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਸਕਦੇ ਹੋ, ਬੰਗਾਲ ਨਹੀਂ ਡਰੇਗਾ। ਤੁਹਾਨੂੰ ਅਤੇ ਤੁਹਾਡੀ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ।’’
ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਦਿੱਲੀ ’ਚ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਕੀਤੇ ਗਏ ਵਿਵਹਾਰ ਦੀ ਨਿੰਦਾ ਕੀਤੀ ਅਤੇ ਇਸ ਨੂੰ ਸ਼ਰਮਨਾਕ, ਅਸਵੀਕਾਰਨਯੋਗ ਅਤੇ ਲੋਕਤੰਤਰੀ ਅਧਿਕਾਰਾਂ ਉਤੇ ਹਮਲਾ ਕਰਾਰ ਦਿਤਾ। ‘ਐਕਸ’ ਉਤੇ ਇਕ ਪੋਸਟ ’ਚ, ਪਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ, ‘‘ਅਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਲਈ ਚੁਣੇ ਹੋਏ ਨੁਮਾਇੰਦਿਆਂ ਨੂੰ ਸੜਕਾਂ ਉਤੇ ਘਸੀਟਣਾ... ਕਾਨੂੰਨ ਲਾਗੂ ਕਰਨਾ ਨਹੀਂ ਹੈ - ਇਹ ਵਰਦੀ ਵਿਚ ਹੰਕਾਰ ਹੈ। ਭਾਰਤ ਲੋਕਤੰਤਰ ਹੈ, ਭਾਰਤੀ ਜਨਤਾ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ।’’
ਆਈ-ਪੈਕ ਉਤੇ ਈ.ਡੀ. ਦੇ ਛਾਪੇ ਦਾ ਮਾਮਲਾ: ਦਿੱਲੀ ਤੋਂ ਕੋਲਕਾਤਾ ਤਕ ਜ਼ਬਰਦਸਤ ਡਰਾਮਾ
ਕੋਲਕਾਤਾ: ਕੋਲਕੱਤਾ ਹਾਈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤਲਾਸ਼ੀ ਅਤੇ ਜ਼ਬਤ ਕਾਰਜਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਸ਼ੁਕਰਵਾਰ ਨੂੰ 14 ਜਨਵਰੀ ਤਕ ਮੁਲਤਵੀ ਕਰ ਦਿਤੀ ਹੈ। ਹਾਈ ਕੋਰਟ ’ਚ ਸੁਣਵਾਈ ਦੌਰਾਨ ਭਾਰੀ ਭੀੜ ਅਤੇ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਇਸੇ ਕਾਰਨ ਅਦਾਲਤ ਨੇ ਸੁਣਵਾਈ ਨੂੰ ਮੁਲਤਵੀ ਕਰ ਦਿਤਾ।
ਜਸਟਿਸ ਸੁਵਰਾ ਘੋਸ਼, ਜਿਨ੍ਹਾਂ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਹੋਣੀ ਸੀ, ਨੇ ਪਟੀਸ਼ਨਾਂ ਨਾਲ ਜੁੜੇ ਨਾ ਹੋਣ ਵਾਲਿਆਂ ਨੂੰ ਅਦਾਲਤ ਦੇ ਕਮਰੇ ਤੋਂ ਬਾਹਰ ਜਾਣ ਦੀਆਂ ਵਾਰ-ਵਾਰ ਬੇਨਤੀਆਂ ਕਰਨ, ਪਰ ਅਜਿਹਾ ਨਾ ਹੋਣ ਤੋਂ ਬਾਅਦ ਅਪਣੀ ਕੁਰਸੀ ਛੱਡ ਕੇ ਚਲੇ ਗਏ।
ਦੂਜੇ ਪਾਸੇ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਸੁਜੋਏ ਪਾਲ ਦੇ ਸਾਹਮਣੇ ਵੀ ਏਜੰਸੀ ਦੀ ਅਧਿਕਾਰਤ ਬੇਨਤੀ ਉਤੇ ਵਿਚਾਰ ਨਹੀਂ ਕੀਤਾ ਗਿਆ। ਕਾਰਜਕਾਰੀ ਚੀਫ਼ ਜਸਟਿਸ ਨੇ ਜਸਟਿਸ ਘੋਸ਼ ਦੇ ਨਿਆਂਇਕ ਹੁਕਮ ਵਿਚ ਦਖਲ ਨਾ ਦੇਣਾ ਸਮਝਦਾਰੀ ਸਮਝਿਆ।
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਟਕੀ ਘਟਨਾਕ੍ਰਮ ਦੇ ਸਬੰਧ ਵਿਚ ਈ.ਡੀ. ਅਤੇ ਤ੍ਰਿਣਮੂਲ ਕਾਂਗਰਸ ਦੀਆਂ ਪਟੀਸ਼ਨਾਂ ਉਤੇ ਅਦਾਲਤ ਵੀਰਵਾਰ ਨੂੰ ਸੁਣਵਾਈ ਕਰਨ ਵਾਲੀ ਸੀ, ਜਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਏਜੰਸੀ ਦੇ ਆਪ੍ਰੇਸ਼ਨ ਸਥਾਨਾਂ ਉਤੇ ਪਹੁੰਚੇ ਅਤੇ ਦੋਸ਼ ਲਾਇਆ ਕਿ ਜਾਂਚਕਰਤਾ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੀ.ਐਮ.ਸੀ. ਦੇ ਸੰਵੇਦਨਸ਼ੀਲ ਅੰਕੜਿਆਂ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਟੀ.ਐਮ.ਸੀ. ਨੇ ਅਪਣੀ ਰਿੱਟ ਪਟੀਸ਼ਨ ਵਿਚ ਈ.ਡੀ. ਨੂੰ ਤਲਾਸ਼ੀ ਮੁਹਿੰਮ ਦੌਰਾਨ ਜ਼ਬਤ ਕੀਤੇ ਗਏ ਅੰਕੜਿਆਂ ਦੇ ਪੱਖਪਾਤ, ਦੁਰਵਰਤੋਂ ਅਤੇ ਪ੍ਰਸਾਰ ਤੋਂ ਰੋਕਣ ਲਈ ਨਿਆਂਇਕ ਦਖਲ ਦੀ ਮੰਗ ਕੀਤੀ ਸੀ, ਏਜੰਸੀ ਨੇ ਅਪਣੀ ਜਾਂਚ ਵਿਚ ਦਖਲਅੰਦਾਜ਼ੀ ਦਾ ਦੋਸ਼ ਲਾਉਂਦੇ ਹੋਏ ਬੈਂਚ ਕੋਲ ਦਖਲ ਖਟਖਟਾਇਆ ਅਤੇ ਵੀਰਵਾਰ ਦੇ ਘਟਨਾਕ੍ਰਮ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਬੇਨਤੀ ਕੀਤੀ।
ਈ.ਡੀ. ਨੇ ਅਪਣੀ ਪਟੀਸ਼ਨ ’ਚ ਮਮਤਾ ਬੈਨਰਜੀ ਨੂੰ ਸੂਬੇ ਦੇ ਕੁੱਝ ਅਧਿਕਾਰੀਆਂ ਨਾਲ ਜਵਾਬਦੇਹ ਬਣਾਇਆ ਹੈ। ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਭਾਰਤ ਸਰਕਾਰ ਦੇ ਵਿਰੁਧ ਦਾਇਰ ਕੀਤੀ ਗਈ ਹੈ।
ਕੋਲਕਾਤਾ ’ਚ ਤ੍ਰਿਣਮੂਲ ਕਾਂਗਰਸ ਦੀ ਰੈਲੀ
ਈ.ਡੀ. ਛਾਪੇਮਾਰੀ ਟੀ.ਐਮ.ਸੀ. ਦੀ ਰਣਨੀਤੀ ਚੋਰੀ ਕਰਨ ਲਈ ਹੈ : ਮਮਤਾ ਬੈਨਰਜੀ
ਅਮਿਤ ਸ਼ਾਹ ਵਿਰੁਧ ਕੋਲਾ ਘਪਲੇ ਦੀ ਕਮਾਈ ’ਚ ਲਾਣ ਲੈਣ ਦੇ ਸਬੂਤ ਹੋਣ ਦਾ ਦਾਅਵਾ ਕੀਤਾ
ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਈ.ਡੀ. ਵਲੋਂ ਆਈ-ਪੈਕ ਦੇ ਕੰਪਲੈਕਸ ਉਤੇ ਛਾਪੇਮਾਰੀ ਦਾ ਉਦੇਸ਼ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਅੰਦਰੂਨੀ ਰਣਨੀਤੀ ਨੂੰ ਚੋਰੀ ਕਰਨਾ ਸੀ।

ਮਮਤਾ ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਉਤੇ ਕੋਲਾ ਘਪਲੇ ਤੋਂ ਹੋਣ ਵਾਲੀ ਕਮਾਈ ਦਾ ਲਾਭ ਲੈਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਜੇਕਰ ਲੋੜ ਪਈ ਤਾਂ ਉਹ ਸਬੂਤ ਜਨਤਕ ਕਰ ਸਕਦੀਆਂ ਹਨ।
ਸ਼ਹਿਰ ਦੇ ਕੇਂਦਰ ਵਿਚ ਲਗਭਗ 10 ਕਿਲੋਮੀਟਰ ਲੰਮੇ ਰੋਸ ਮਾਰਚ ਦੀ ਅਗਵਾਈ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਟੀ.ਐਮ.ਸੀ. ਚੇਅਰਪਰਸਨ ਵਜੋਂ ਪੂਰੀ ਤਰ੍ਹਾਂ ਈ.ਡੀ. ਦੀ ਛਾਪੇਮਾਰੀ ਵਿਚ ਦਖਲ ਦਿਤਾ ਸੀ।
