
ਰਾਕੇਸ਼ ਟਿਕੈਤ ਦੀ ਪਤਨੀ ਦਾ ਦਾਅਵਾ, ਕੇਂਦਰ ਸਰਕਾਰ ਨੂੰ ਦੇਰ-ਸਵੇਰ ਝੁਕਣਾ ਹੀ ਪਵੇਗਾ
ਨਵੀਂ ਦਿੱਲੀ : ਕਿਸਾਨੀ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਚਲਦਿਆਂ 77 ਦਿਨ ਬੀਤ ਚੁਕੇ ਹਨ। ਇਸ ਦੌਰਾਨ ਅੰਦੋਲਨ ਵਿਚ ਅਨੇਕਾਂ ਉਤਰਾਅ-ਚੜ੍ਹਾਅ ਆਏ ਹਨ। 26/1 ਦੀ ਘਟਨਾ ਤੋਂ ਬਾਅਦ ਜਦੋਂ ਇਹ ਅੰਦੋਲਨ ਖਿੰਡ-ਪੁੰਡ ਜਾਣ ਦੀਆਂ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ ਤਾਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਹੰਝੂਆਂ-ਭਿੱਜੀ ਅਪੀਲ ਨੇ ਅੰਦੋਲਨ ਵਿਚ ਨਵੀਂ ਰੂਹ ਹੀ ਨਹੀਂ ਫੂਕੀ, ਸਗੋਂ ਅੰਦੋਲਨ ਨੂੰ ਇਕ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰ ਦਿਤੀ ਹੈ। ਅੱਜ ਇਹ ਅੰਦੋਲਨ ਅਜਿਹੀਆਂ ਉਚਾਈਆਂ ‘ਤੇ ਪਹੁੰਚ ਚੁੱਕਾ ਹੈ ਜਿੱਥੇ ਇਸ ‘ਤੇ ‘ਮਾਊਵਾਦੀ’, ‘ਖਾਲਿਸਤਾਨੀ’ ਅਤੇ ‘ਇਕ ਖਿੱਤੇ ਦਾ ਅੰਦੋਲਨ ਹੈ’ ਵਰਗੇ ਸ਼ਬਦੀ ਹਮਲੇ ਕੋਈ ਅਸਰ ਪਾਉਣ ਦੀ ਹਾਲਤ ਵਿਚ ਨਹੀਂ ਰਹੇ। ਰਾਕੇਸ਼ ਟਿਕੈਤ ਦੇ ਭਾਸ਼ਨ ਤੋਂ ਬਾਅਦ ਦਿੱਲੀ ਦੇ ਨਾਲ ਲੱਗਦੇ ਸੂਬਿਆਂ ਵਿਚ ਮਹਾਂ ਪੰਚਾਇਤਾਂ ਦਾ ਜਾਰੀ ਦੌਰ ਹੁਣ ਦੇਸ਼ ਦੀ ਹਿੰਦੀ ਬੈਲਟ ਨੂੰ ਆਪਣੇ ਕਲਾਵੇ ਵਿਚ ਲੈਣ ਲੱਗਾ ਹੈ।
Rakesh Tikait
ਭਾਵੇਂ ਕੇਂਦਰ ਸਰਕਾਰ ਦੇ ਮੰਤਰੀਆਂ ਸਮੇਤ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ਅੰਦੋਲਨ ਨੂੰ ਘਟਾ ਕੇ ਵੇਖਣ ਦੀ ਮਨੋਬਿਰਤੀ ਛੱਡਣ ਲਈ ਤਿਆਰ ਨਹੀਂ ਹੋ ਰਹੇ, ਇਸ ਦੇ ਬਾਵਜੂਦ ਕਿਸਾਨੀ ਅੰਦੋਲਨ ਨਿਤ ਨਵੀਆਂ ਪੈੜਾਂ ਪਾਉਂਦਾ ਜਿੱਤ ਵੱਲ ਕਦਮ-ਦਰ-ਕਦਮ ਵੱਧਦਾ ਜਾ ਰਿਹਾ ਹੈ। ਅੰਦੋਲਨ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਪੂਰਾ ਟਿਕੈਤ ਪ੍ਰਵਾਰ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ।
Joti Tiikait
ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਧੀ ਜੋਤੀ ਟਿਕੈਤ ਨੇ ਵੀ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣ ਦੀ ਸ਼ੁਰੂਆਤ ਆਸਟ੍ਰੇਲੀਆ ਤੋਂ ਕਰ ਦਿੱਤੀ ਹੈ। ਉਹਨਾਂ ਵੱਲੋਂ ਵਿਦੇਸ਼ੀ ਧਰਤੀ ‘ਤੇ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਕਿਸਾਨੀ ਅੰਦੋਲਨ ਦੇ ਸਮਰਥਨ ‘ਚ ਭਾਰਤ ਸਰਕਾਰ ਖਿਲਾਫ ਸ਼ਾਂਤਮਈ ਧਰਨੇ ਦਿੱਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ ਵਿਚ ਵੱਡੀ ਗਿਣਤੀ ਲੋਕ ਸ਼ਮੂਲੀਅਤ ਕਰ ਰਹੇ ਹਨ।
Sunita devi
ਰਾਕੇਸ਼ ਟਿਕੈਤ ਦੀ ਪਤਨੀ ਸੁਨੀਤਾ ਦੇਵੀ ਨੇ ਵੀ ਕੇਂਦਰ ਸਰਕਾਰ ਦੇ ਹਰ ਹਾਲ ਝੁਕਣ ਦੀ ਭਵਿੱਖਬਾਣੀ ਕੀਤੀ ਹੈ। ਸੁਨੀਤਾ ਦੇਵੀ ਮੁਤਾਬਕ ‘ਝੁਕਣਾ ਤਾਂ ਸਰਕਾਰ ਨੂੰ ਪਵੇਗਾ’। ਸੁਨੀਤਾ ਦੇਵੀ ਮੁਤਾਬਕ ਉਹ 36 ਸਾਲਾਂ ਤੋਂ ਅੰਦੋਲਨ ਵੇਖ ਰਹੇ ਹਨ ਅਤੇ ਮੇਰਾ ਅਨੁਭਵ ਇਹੀ ਕਹਿੰਦਾ ਹੈ ਕਿ ਸਰਕਾਰ ਦਾ ਇਸ ਅੰਦੋਲਨ ਅੱਗੇ ਝੁਕਣਾ ਲਗਭਗ ਤੈਅ ਹੈ। ਇਹ ਦਾਅਵਾ ਉਨ੍ਹਾਂ ਨੇ ਯੂ. ਪੀ. ਗੇਟ ’ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕਰਨ ਮੌਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਪਤੀ ਕਿਸਾਨਾਂ ਲਈ ਸੰਘਰਸ਼ ਕਰਦੇ ਹਨ। ਉਨ੍ਹਾਂ ਦੇ ਹੱਕ ਲਈ ਸਰਕਾਰ ਨਾਲ ਟਕਰਾਉਣ ਨੂੰ ਵੀ ਤਿਆਰ ਹੋ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਵੀ ਰੱਖੀ ਅਤੇ ਕਿਸਾਨ ਅੰਦੋਲਨ ਨੂੰ ਠੀਕ ਠਹਿਰਾਉਣ ਦੀਆਂ ਸਾਰੀਆਂ ਦਲੀਲਾਂ ਪੇਸ਼ ਕੀਤੀਆਂ।
Farmers Protest
ਸੁਨੀਤਾ ਦੇਵੀ ਨੇ ਕਿਹਾ ਕਿ ਅੰਦੋਲਨ ਕਰਨਾ ਕਿਸਾਨ ਦੀ ਮਜਬੂਰੀ ਹੈ, ਕਿਉਂਕਿ ਸਰਕਾਰ ਰੋਟੀਆਂ ਨੂੰ ਤਿਜੋਰੀ ਵਿਚ ਬੰਦ ਕਰਨ ਦੀ ਸਾਜਿਸ਼ ਰਚ ਰਹੀ ਹੈ। ਇਹੀ ਵਜ੍ਹਾ ਹੈ ਕਿ ਕਿਸਾਨ ਅੰਦੋਲਨ ਲਈ ਮਜਬੂਰ ਹਨ, ਨਹੀਂ ਤਾਂ ਕੋਈ ਕਿਉਂ ਸੜਕਾਂ ’ਤੇ ਆਵੇ। ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਅੰਦੋਲਨ ਦੇ 77 ਦਿਨ ਹੋ ਚੁੱਕੇ ਹਨ, ਟਿਕੈਤ ਹੁਣ ਵੀ ਕਿਸਾਨਾਂ ਨਾਲ ਡਟੇ ਹੋਏ ਹਨ। ਸੁਨੀਤਾ ਦੇਵੀ ਮੁਤਾਬਕ 28 ਜਨਵਰੀ ਦੀ ਸ਼ਾਮ ਦਾ ਸਮਾਂ ਸਿਰਫ ਉਨ੍ਹਾਂ ਦੇ ਪਰਿਵਾਰ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਭਾਵੁਕ ਕਰਨ ਵਾਲਾ ਪਲ ਸੀ। ਉਸ ਦਿਨ ਪੂਰਾ ਦੇਸ਼ ਰੋਇਆ ਸੀ। ਇਸ ਤੋਂ ਬਾਅਦ ਅੰਦੋਲਨ ਫਿਰ ਖੜ੍ਹਾ ਹੋ ਗਿਆ ਜੋ ਹੁਣ ਜਿੱਤ ਵੱਲ ਲਗਾਤਾਰ ਵਧਦਾ ਜਾ ਰਿਹਾ ਹੈ।