
ਆਂਧਰਾ ਪ੍ਰਦੇਸ਼ 'ਚ ਦਮ ਘੁੱਟਣ ਨਾਲ 7 ਮਜ਼ਦੂਰਾਂ ਦੀ ਮੌਤ: ਤੇਲ ਫੈਕਟਰੀ 'ਚ ਟੈਂਕਰ ਦੀ ਸਫਾਈ ਦੌਰਾਨ ਵਾਪਰਿਆ ਹਾਦਸਾ
ਕਾਕੀਨਾਡਾ - ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਇੱਕ ਤੇਲ ਫੈਕਟਰੀ ਵਿੱਚ ਦਮ ਘੁੱਟਣ ਨਾਲ ਸੱਤ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਰਾਗਾਮਪੇਟਾ ਪਿੰਡ 'ਚ ਤੇਲ ਫੈਕਟਰੀ 'ਚ ਟੈਂਕਰ ਦੀ ਸਫਾਈ ਕਰਦੇ ਸਮੇਂ ਵਾਪਰਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਮਜ਼ਦੂਰਾਂ ਨੂੰ ਅੰਬਾਤੀ ਸੁਬੰਨਾ ਆਇਲ ਫੈਕਟਰੀ ਦੇ ਬੰਦ ਪਏ ਟੈਂਕਰ ਦੀ ਜਾਂਚ ਕਰਨ ਲਈ ਕਿਹਾ ਗਿਆ। ਰੇਡੱਪਾ ਪਹਿਲਾਂ ਮੈਨਹੋਲ ਰਾਹੀਂ ਟੈਂਕਰ ਵਿੱਚ ਦਾਖਲ ਹੋਇਆ। ਜਦੋਂ ਕੁਝ ਦੇਰ ਤੱਕ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਤਿੰਨ ਹੋਰ ਮਜ਼ਦੂਰ ਟੈਂਕਰ ਵਿੱਚ ਚੜ੍ਹ ਗਏ। ਜਦੋਂ ਉਨ੍ਹਾਂ ਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੋਈ ਤਾਂ ਉਨ੍ਹਾਂ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਤਿੰਨ ਹੋਰ ਮਜ਼ਦੂਰ ਉਨ੍ਹਾਂ ਨੂੰ ਬਚਾਉਣ ਲਈ ਟੈਂਕਰ 'ਚ ਚੜ੍ਹੇ ਪਰ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਸਾਰੇ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਵਿੱਚੋਂ 6 ਨੂੰ ਮ੍ਰਿਤਕ ਐਲਾਨ ਦਿੱਤਾ। 7ਵੇਂ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਸ਼ਿਵਕੁਮਾਰ ਰੈੱਡੀ (43) ਨੂੰ ਤਾਮਿਲਨਾਡੂ ਦੇ ਵੇਲੁਰੂ ਵਿਖੇ ਰੈਫਰ ਕਰ ਦਿੱਤਾ ਗਿਆ।
ਇਹ ਸਾਰੇ 10 ਦਿਨ ਪਹਿਲਾਂ ਨੌਕਰੀ 'ਤੇ ਜੁਆਇਨ ਹੋਏ ਸਨ। ਸੂਤਰਾਂ ਅਨੁਸਾਰ ਇਹ ਤੇਲ ਫੈਕਟਰੀ ਫੈਕਟਰੀ ਐਕਟ ਤਹਿਤ ਰਜਿਸਟਰਡ ਨਹੀਂ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਾਰੀਆਂ ਮੌਤਾਂ ਜ਼ਹਿਰੀਲੀਆਂ ਗੈਸਾਂ ਕਾਰਨ ਹੋਈਆਂ ਹਨ।
ਜ਼ਿਲ੍ਹਾ ਫਾਇਰ ਅਫ਼ਸਰ ਵੀ ਨੇ ਕਿਹਾ ਕਿ ਹੈਚਰੀ ਕੋਲ ਫਾਇਰ ਵਿਭਾਗ ਤੋਂ ਐਨਓਸੀ ਨਹੀਂ ਸੀ। ਪੁਲਿਸ ਨੇ ਧਾਰਾ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੂਬਾ ਸਰਕਾਰ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਜਦਕਿ ਕੰਪਨੀ 15 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਲਈ ਤਿਆਰ ਹੈ।