
ਲੰਦਨ 'ਚ 80 ਲੱਖ ਪਾਊਂਡ ਦੇ ਅਪਾਰਟਮੈਂਟ 'ਚ ਰਹਿ ਰਿਹੈ ਭਗੌੜਾ ਨੀਰਵ ਮੋਦੀ, ਕਰ ਰਿਹੈ ਨਵਾਂ ਕਾਰੋਬਾਰ
ਲੰਦਨ/ਨਵੀਂ ਦਿੱਲੀ : ਭਾਰਤ 'ਚੋਂ ਕਰਜ਼ਾ ਘਪਲਾ ਕਰ ਕੇ ਭੱਜ ਜਾਣ ਵਾਲਿਆਂ ਲਈ ਲੰਦਨ ਅੱਡਾ ਬਣਦਾ ਜਾ ਰਿਹਾ ਹੈ। ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਤੋਂ ਬਾਅਦ ਭਗੌੜਾ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਵੀ ਇਸ ਵੇਲੇ ਲੰਦਨ ਦੇ ਵੈਸਟ ਐਂਡ ਇਲਾਕੇ 'ਚ ਇਕ ਆਲੀਸ਼ਾਨ ਅਪਾਰਟਮੈਂਟ 'ਚ ਖੁੱਲ੍ਹੇਆਮ ਰਹਿ ਰਿਹਾ ਹੈ। ਇਸ ਅਪਾਰਟਮੈਂਟ ਦੀ ਕੀਮਤ 80 ਲੱਖ ਪਾਊਂਡ (ਲਗਭਗ 73 ਕਰੋੜ ਰੁਪਏ) ਅਤੇ ਮਹੀਨਾਵਾਰ ਕਿਰਾਇਆ 17 ਹਜ਼ਾਰ ਪਾਊਂਡ ਹੈ।
ਉਧਰ ਨੀਰਵ ਮੋਦੀ ਦੇ ਲੰਦਨ 'ਚ ਰਹਿਣ ਅਤੇ ਉਥੋਂ ਦੀਆਂ ਸੜਕਾਂ 'ਤੇ ਸ਼ਰੇਆਮ ਘੁੰਮਣ ਨਾਲ ਜੁੜੀ ਖ਼ਬਰ ਨੂੰ ਲੈ ਕੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਅਤੇ ਸਵਾਲ ਕੀਤਾ ਕਿ ਆਖ਼ਰ ਇਹ ਭਗੌੜਾ ਕਿਸ ਦੀ ਸਰਪ੍ਰਸਤੀ ਹੇਠ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਿਹਾ ਹੈ? ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਐਸ਼ਗਾਹ 'ਚ ਜ਼ਿੰਦਗੀ ਬਤੀਤ ਕਰਨਾ ਇਸ ਸਰਕਾਰ 'ਚ ਹੀ ਮੁਮਕਿਨ ਹੈ।
BJP-Congress
ਜਦਕਿ ਭਾਜਪਾ ਨੇ ਕਾਂਗਰਸ 'ਤੇ ਮੋੜਵਾਂ ਵਾਰ ਕਰਦਿਆਂ ਕਿਹਾ ਹੈ ਕਿ ਨੀਰਵ ਮੋਦੀ ਨੇ 2011 'ਚ ਬੈਂਕਾਂ ਨਾਲ ਜੁੜੀ ਧੋਖਾਧੜੀ ਸ਼ੁਰੂ ਕੀਤੀ ਜਦੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਸੱਤਾ 'ਚ ਸੀ ਅਤੇ ਮੋਦੀ ਸਰਕਾਰ ਨੇ ਇਸ ਦਾ ਪਤਾ ਕਰ ਕੇ ਪਰਦਾਫ਼ਾਸ਼ ਕੀਤਾ। ਭਾਜਪਾ ਨੇ ਅਪਣੇ ਟਵੀਟ 'ਚ ਵਿਰੋਧੀ ਪਾਰਟੀ ਦੇ ਦੋਸ਼ਾਂ ਨੂੰ 'ਉਲਟਾ ਚੋਰ ਕੋਤਵਾਲ ਨੂੰ ਡਾਂਟੇ' ਦਸਦਿਆਂ ਕਿਹਾ, ''ਮਾਲਿਆ ਨੂੰ ਬੈਂਕ ਕਰਜ਼ੇ ਦੇ ਦੂਜੇ ਗੇੜ ਦੀ ਸਹੂਲਤ ਕਦੋਂ ਦਿਤੀ ਗਈ? ਇਹ ਯੂ.ਪੀ.ਏ. ਸਰਕਾਰ ਦੌਰਾਨ ਕੀਤੀ ਗਈ।''
Priyanka Chaturvedi
ਕਾਂਗਰਸ ਦੇ ਬੁਲਾਰੇ ਪ੍ਰਿਯੰਕਾ ਚਤੁਰਵੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਨੀਰਵ ਮੋਦੀ ਬਾਰੇ ਪਹਿਲਾਂ ਹੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਦਮ ਨਹੀਂ ਚੁਕਿਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਖ਼ੁਦ ਚਾਹੁੰਦੇ ਸਨ ਕਿ ਨੀਰਵ ਮੋਦੀ ਦੇਸ਼ ਤੋਂ ਫ਼ਰਾਰ ਹੋ ਜਾਵੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਬਹੁਤ ਪਹਿਲਾਂ ਹੀ ਨੀਰਵ ਅਤੇ ਉਸ ਦੇ ਮਾਮੇ ਮੇਹੁਲ ਚੌਕਸੀ ਦੇ ਸਾਰੇ ਕਾਰਨਾਮਿਆਂ ਦੀ ਜਾਣਕਾਰੀ ਸੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਰਵ ਮੋਦੀ ਨੂੰ ਇਕੋ ਜਿਹਾ ਦਸਦਿਆਂ ਦਾਅਵਾ ਕੀਤਾ ਕਿ ਇਕ ਦਿਨ ਦੋਹਾਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਰਾਹੁਲ ਨੇ ਇਕ ਟਵੀਟ ਕਰ ਕੇ ਕਿਹਾ, ''ਲੰਦਨ 'ਚ ਭਗੌੜੇ ਨੀਰਵ ਮੋਦੀ ਦਾ ਵੀਡੀਉ ਅਤੇ ਉਸ ਦੇ ਭਰਾ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਅਜੀਬ ਸਮਾਨਤਾ ਨੂੰ ਦਰਸਾਉਂਦਾ ਹੈ। ਦੋਹਾਂ ਨੇ ਭਾਰਤ ਨੂੰ ਲੁਟਿਆ ਅਤੇ ਦੋਹਾਂ ਨੂੰ ਮੋਦੀ ਕਿਹਾ ਜਾਂਦਾ ਹੈ।'' ਉਨ੍ਹਾਂ ਕਿਹਾ ਕਿ ਦੋਵੇਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦੇ ਹਨ ਅਤੇ ਦੋਹਾਂ ਨੂੰ ਲਗਦਾ ਹੈ ਕਿ ਉਹ ਕਾਨੂੰਨ ਤੋਂ ਉੱਪਰ ਹਨ।
THE DAILY TELEGRAPH
ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਅਖ਼ਬਾਰ 'ਦੀ ਡੇਲੀ ਟੈਲੀਗ੍ਰਾਫ਼' ਦੀ ਇਕ ਰੀਪੋਰਟ 'ਚ ਕਿਹਾ ਗਿਆ ਹੈ ਕਿ ਨੀਰਵ ਮੋਦੀ ਨੇ ਲੰਦਨ ਵਿਚ ਹੀਰਿਆਂ ਦਾ ਨਵਾਂ ਕਾਰੋਬਾਰ ਵੀ ਸ਼ੁਰੂ ਕਰ ਦਿਤਾ ਹੈ। ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਡਾਲਮ (14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ) ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਟੈਲੀਗ੍ਰਾਂਫ਼ ਦੀ ਖ਼ਬਰ ਅਨੁਸਾਰ, ਨੀਰਵ ਮੋਦੀ ਇਸ ਸਮੇਂ ਤਿੰਨ ਕਮਰਿਆਂ ਵਾਲੇ ਇਕ ਫ਼ਲੈਟ ਵਿਚ ਰਹਿ ਰਿਹਾ ਹੈ। ਇਹ ਫ਼ਲੈਟ ਉਸ ਇਲਾਕੇ ਦੀ ਪ੍ਰਸਿੱਧ ਬਹੁਮੰਜ਼ਲੀ ਇਮਾਰਤ ਸੈਂਟਰ ਪੁਆਇੰਟ ਟਾਵਰ ਦੇ ਇਕ ਬਲਾਕ 'ਚ ਅੱਧੇ ਹਿੱਸੇ ਵਿਚ ਬਣਿਆ ਹੈ। ਪੱਤਰਕਾਰਾਂ ਨੇ ਨੀਰਵ ਮੋਦੀ ਨੂੰ ਰਸਤੇ 'ਚ ਰੋਕ ਕੇ ਜਦੋਂ ਉਸ ਤੋਂ ਸਵਾਲ ਪੁੱਛੇ ਤਾਂ ਉਸ ਨੇ ਹਰ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ। ਟੈਲੀਗ੍ਰਾਫ਼ ਵਲੋਂ ਜਾਰੀ ਵੀਡੀਉ 'ਚ ਨੀਰਵ ਨੇ ਦਾੜ੍ਹੀ-ਮੁੱਛਾਂ ਰਖੀਆਂ ਹੋਈਆਂ ਹਨ ਅਤੇ ਸ਼ੁਤਰਮੁਰਗ ਦੀ ਖਾਲ ਨਾਲ ਬੜੀ ਜੈਕੇਟ ਪਾਈ ਦਿਸ ਰਹੀ ਹੈ। ਇਸ ਜੈਕੇਟ ਦੀ ਕੀਮਤ 10 ਹਜ਼ਾਰ ਪਾਊਂਡ ਦੱਸੀ ਜਾ ਰਹੀ ਹੈ।
Nirav Modi
ਇਹ ਖ਼ਬਰ ਨੀਰਵ ਮੋਦੀ ਦੇ ਮਹਾਂਰਾਸ਼ਟਰ ਵਿਚ ਕਿਹੀਮ ਸਮੁੰਦਰ ਕਿਨਾਰੇ ਬਣੇ ਬੰਗਲੇ ਨੂੰ ਢਾਹੁਣ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ। ਟੈਲੀਗ਼੍ਰਾਫ਼ ਨੇ ਕਿਹਾ ਕਿ ਭਾਰਤੀ ਏਜੰਸੀਆਂ ਨੇ ਨੀਰਵ ਮੋਦੀ ਦੇ ਬੈਂਕ ਖ਼ਾਤਿਆਂ ਨੂੰ ਸੀਜ਼ ਕਰ ਦਿਤਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਨੇ ਰੈਡ ਕਾਰਨਰ ਨੌਟਿਸ ਵੀ ਜਾਰੀ ਕੀਤਾ ਹੈ। ਇਸ ਦੇ ਬਾਵਜੂਦ ਉਹ ਲੰਡਨ ਵਿਚ ਹੀਰਿਆਂ ਦਾ ਨਵਾਂ ਕਾਰੋਬਾਰ ਕਰ ਰਿਹਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੀਰਵ ਮੋਦੀ ਨੂੰ ਕੰਮ ਅਤੇ ਪੈਨਸ਼ਨ ਵਿਭਾਗ ਨੇ ਨੈਸ਼ਨਲ ਇਨਸ਼ਿਉਰੈਂਸ ਨੰਬਰ ਦਿਤਾ ਹੈ ਜਿਸ ਦਾ ਮਤਲਬ ਹੈ ਕਿ ਉਹ ਬ੍ਰਿਟੇਨ ਵਿਚ ਕਾਨੂੰਨੀ ਢੰਗ ਨਾਲ ਕੰਮ ਕਰ ਸਕਦਾ ਹੈ ਅਤੇ ਬ੍ਰਿਟੇਨ ਵਿਚ ਬੈਂਕ ਖ਼ਾਤਿਆਂ ਦੀ ਵਰਤੋਂ ਵੀ ਕਰ ਸਕਦਾ ਹੈ। (ਪੀਟੀਆਈ)