
ਕਿਹਾ- ਦੇਸ਼ ਵਿਚ ਕੱਚੇ ਤੇਲ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ
ਨਵੀਂ ਦਿੱਲੀ : ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਰੋਸਾ ਦਿਵਾਇਆ ਕਿ ਰੂਸ-ਯੂਕਰੇਨ ਯੁੱਧ ਦੌਰਾਨ ਦੇਸ਼ ਵਿਚ ਕੱਚੇ ਤੇਲ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਕਿਹਾ ਕਿ ਸਿਰਫ ਪੈਟਰੋਲੀਅਮ ਕੰਪਨੀਆਂ ਹੀ ਤੇਲ ਦੀਆਂ ਕੀਮਤਾਂ ਬਾਰੇ ਫੈਸਲਾ ਲੈਣਗੀਆਂ। ਇਸ ਦੇ ਨਾਲ ਹੀ ਪੁਰੀ ਨੇ ਕਿਹਾ ਕਿ ਸਰਕਾਰ ਤੇਲ ਦੀਆਂ ਕੀਮਤਾਂ ਬਾਰੇ ਕੋਈ ਵੀ ਫੈਸਲਾ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕਰੇਗੀ।
ਇਕ ਪ੍ਰੈਸ ਕਾਨਫਰੰਸ ਵਿਚ ਉਹਨਾਂ ਕਿਹਾ, “ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੇਸ਼ ਵਿਚ ਕੱਚੇ ਤੇਲ ਦੀ ਕੋਈ ਕਮੀ ਨਹੀਂ ਹੋਵੇਗੀ। ਅਸੀਂ ਯਕੀਨੀ ਬਣਾਵਾਂਗੇ ਕਿ ਸਾਡੀਆਂ ਊਰਜਾ ਲੋੜਾਂ ਪੂਰੀਆਂ ਹੋਣ। ਹਾਲਾਂਕਿ ਅਸੀਂ ਆਪਣੀਆਂ ਜ਼ਰੂਰਤਾਂ ਲਈ 85 ਪ੍ਰਤੀਸ਼ਤ ਤੇਲ ਅਤੇ 55 ਪ੍ਰਤੀਸ਼ਤ ਗੈਸ ਦੀ ਦਰਾਮਦ ਕਰਦੇ ਹਾਂ”। ਉਹਨਾਂ ਨੇ ਇਸ ਆਰੋਪ ਦਾ ਵੀ ਖੰਡਨ ਕੀਤਾ ਕਿ ਸਰਕਾਰ ਵਲੋਂ ਈਂਧਨ ਦੀਆਂ ਕੀਮਤਾਂ ਵਿਚ ਕਟੌਤੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਸੀ ਅਤੇ ਚੋਣਾਂ ਖ਼ਤਮ ਹੋਣ ’ਤੇ ਇਹਨਾਂ ਦੀਆਂ ਕੀਮਤਾਂ ਵਿਚ ਮੁੜ ਵਾਧਾ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਵਾਧੇ ਬਾਰੇ ਕੋਈ ਰਾਏ ਬਣਾਉਣ ਤੋਂ ਪਹਿਲਾਂ ਲੋਕਾਂ ਵਲੋਂ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਰੂਸ-ਯੂਕਰੇਨ ਸੰਕਟ ਵਰਗੇ ਸੰਸਾਰਕ ਕਾਰਕ ਕੀਮਤਾਂ ਵਿਚ ਵਾਧੇ ਦਾ ਕਾਰਨ ਬਣਦੇ ਹਨ। ਉਹਨਾਂ ਕਿਹਾ, “ਤੇਲ ਦੀਆਂ ਕੀਮਤਾਂ ਦਾ ਨਿਰਧਾਰਨ ਗਲੋਬਲ ਕੀਮਤਾਂ 'ਤੇ ਨਿਰਭਰ ਕਰਦਾ ਹੈ। ਜੇਕਰ ਦੁਨੀਆ ਦੇ ਕਿਸੇ ਹਿੱਸੇ 'ਚ ਜੰਗ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਪੈਟਰੋਲੀਅਮ ਕੰਪਨੀਆਂ ਇਸ ਨੂੰ ਧਿਆਨ 'ਚ ਰੱਖਣਗੀਆਂ। ਕੀਮਤਾਂ ਨੂੰ ਲੈ ਕੇ ਪੈਟਰੋਲੀਅਮ ਕੰਪਨੀਆਂ ਖੁਦ ਫੈਸਲਾ ਲੈਣਗੀਆਂ। ਅਸੀਂ ਨਾਗਰਿਕਾਂ ਦੇ ਹਿੱਤ 'ਚ ਹੀ ਫੈਸਲਾ ਲਵਾਂਗੇ।''
ਉਹਨਾਂ ਕਿਹਾ ਕਿ ਮਹਾਂਮਾਰੀ ਸਮੇਂ ਆਰਥਿਕ ਗਤੀਵਿਧੀਆਂ ਵਿਚ ਖੜੋਤ ਕਾਰਨ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਰੁਝਾਨ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਉਹਨਾਂ ਕਿਹਾ ਕਿ ਪੈਟਰੋਲੀਅਮ ਕੰਪਨੀਆਂ ਇਹਨਾਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਲੈਣਗੀਆਂ।