ਕਰਨਲ ਗੀਤਾ ਚੀਨ ਸਰਹੱਦ 'ਤੇ ਤਾਇਨਾਤ ਸੁਤੰਤਰ ਫੀਲਡ ਵਰਕਸ਼ਾਪ ਦੀ ਕਮਾਨ ਸੰਭਾਲਣਗੇ
ਨਵੀਂ ਦਿੱਲੀ - ਭਾਰਤੀ ਫੌਜ ਦੀ ਕੋਰ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਜ਼ ਦੀ ਕਰਨਲ ਗੀਤਾ ਰਾਣਾ ਨੇ ਇਤਿਹਾਸ ਰਚਿਆ ਹੈ। ਗੀਤਾ ਰਾਣਾ ਪੂਰਬੀ ਲੱਦਾਖ ਦੇ ਅੱਗੇ ਫਰੰਟ 'ਤੇ ਫੀਲਡ ਵਰਕਸ਼ਾਪ ਨੂੰ ਕਮਾਂਡ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਰਤੀ ਫੌਜ ਨੇ ਮਹਿਲਾ ਅਧਿਕਾਰੀਆਂ ਨੂੰ ਕਮਾਂਡਰਾਂ ਦੀ ਭੂਮਿਕਾ ਨਿਭਾਉਣ ਦੀ ਮਨਜ਼ੂਰੀ ਦਿੱਤੀ ਹੈ। ਜਿਸ ਤੋਂ ਬਾਅਦ ਕਰਨਲ ਗੀਤਾ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ।
ਕਰਨਲ ਗੀਤਾ ਚੀਨ ਸਰਹੱਦ 'ਤੇ ਤਾਇਨਾਤ ਸੁਤੰਤਰ ਫੀਲਡ ਵਰਕਸ਼ਾਪ ਦੀ ਕਮਾਨ ਸੰਭਾਲਣਗੇ। ਫੌਜ ਨੇ ਹਾਲ ਹੀ ਵਿਚ ਕੋਰ ਆਫ਼ ਇੰਜੀਨੀਅਰਜ਼, ਆਰਡੀਨੈਂਸ, ਇਲੈਕਟ੍ਰੋਨਿਕਸ ਅਤੇ ਮਕੈਨੀਕਲ ਇੰਜੀਨੀਅਰ ਅਤੇ ਹੋਰ ਸ਼ਾਖਾਵਾਂ ਵਿਚ ਸੁਤੰਤਰ ਯੂਨਿਟਾਂ ਦੀ ਕਮਾਂਡ ਕਰਨ ਲਈ ਮਹਿਲਾ ਫੌਜੀ ਅਧਿਕਾਰੀਆਂ ਲਈ 108 ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ।
ਆਉਣ ਵਾਲੇ ਦਿਨਾਂ ਵਿਚ ਹੋਰ ਮਹਿਲਾ ਫੌਜੀ ਅਫ਼ਸਰਾਂ ਨੂੰ ਵੀ ਅਜਿਹੀਆਂ ਨਿਯੁਕਤੀਆਂ ਦਿੱਤੀਆਂ ਜਾ ਸਕਦੀਆਂ ਹਨ। ਜੋ ਮਹਿਲਾ ਅਧਿਕਾਰੀ ਬੋਰਡਾਂ ਤੋਂ ਪ੍ਰਵਾਨਗੀ ਲੈਣ ਦੇ ਯੋਗ ਹੋਣਗੇ, ਉਨ੍ਹਾਂ ਨੂੰ ਕਮਾਂਡ ਰੋਲ ਵੀ ਦਿੱਤਾ ਜਾ ਸਕਦਾ ਹੈ ਅਤੇ ਭਵਿੱਖ ਵਿਚ ਉਨ੍ਹਾਂ ਨੂੰ ਉੱਚ ਅਹੁਦਿਆਂ 'ਤੇ ਨਿਯੁਕਤੀਆਂ ਦਿੱਤੀਆਂ ਜਾ ਸਕਦੀਆਂ ਹਨ।
ਭਾਰਤੀ ਫੌਜ ਸਹਿਯੋਗੀ ਦੇਸ਼ਾਂ ਦੇ ਨਾਲ ਮਿਲਟਰੀ ਅਭਿਆਸਾਂ ਵਿਚ ਮਹਿਲਾ ਫੌਜੀ ਕਰਮਚਾਰੀਆਂ ਨੂੰ ਵੀ ਸ਼ਾਮਲ ਕਰ ਰਹੀ ਹੈ। ਇਸ ਦੇ ਨਾਲ ਹੀ ਮਹਿਲਾ ਫੌਜੀ ਅਫ਼ਸਰਾਂ ਨੂੰ ਵੀ ਸ਼ਾਂਤੀ ਮਿਸ਼ਨਾਂ ਲਈ ਭੇਜਿਆ ਜਾ ਰਿਹਾ ਹੈ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਫੌਜ ਵਿਚ ਮਹਿਲਾ ਅਧਿਕਾਰੀਆਂ ਨੂੰ ਹਰ ਸੰਭਵ ਮੌਕੇ ਦੇਣ ਦੇ ਪੱਖ ਵਿਚ ਹਨ। ਜਲਦੀ ਹੀ ਆਰਟੀਲਰੀ ਰੈਜੀਮੈਂਟ ਵਿਚ ਵੀ ਮਹਿਲਾ ਫੌਜੀ ਜਵਾਨਾਂ ਨੂੰ ਫੌਜ ਵਿਚ ਤਾਇਨਾਤ ਕੀਤਾ ਜਾ ਸਕਦਾ ਹੈ।