
ਭਾਜਪਾ ਅਤੇ ਟੀ.ਡੀ.ਪੀ. ਦਾ ਇਕੱਠਾ ਹੋਣਾ ਦੇਸ਼ ਅਤੇ ਰਾਜ ਲਈ ਲਾਭਦਾਇਕ : ਚੰਦਰਬਾਬੂ ਨਾਇਡੂ
ਨਵੀਂ ਦਿੱਲੀ: ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਨੇ ਸਨਿਚਰਵਾਰ ਨੂੰ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਅਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਸੈਨਾ ਪਾਰਟੀ ਨਾਲ ਗੱਠਜੋੜ ਬਣਾਉਣ ’ਤੇ ਸਹਿਮਤੀ ਬਣ ਗਈ ਹੈ।
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਾਇਡੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਆਂਧਰਾ ਪ੍ਰਦੇਸ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਭਾਜਪਾ ਅਤੇ ਟੀ.ਡੀ.ਪੀ. ਦਾ ਇਕੱਠਾ ਹੋਣਾ ਦੇਸ਼ ਅਤੇ ਰਾਜ ਲਈ ਲਾਭਦਾਇਕ ਹੈ।’’ ਉਨ੍ਹਾਂ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ। ਨਾਇਡੂ ਨੇ ਦਾਅਵਾ ਕੀਤਾ ਕਿ ਟੀ.ਡੀ.ਪੀ.-ਭਾਜਪਾ-ਜਨਸੈਨਾ ਗੱਠਜੋੜ ਲੋਕ ਸਭਾ ਅਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਵਿਰੋਧੀ ਪਾਰਟੀਆਂ ਨੂੰ ਹਰਾ ਦੇਵੇਗਾ।
ਤਿੰਨਾਂ ਪਾਰਟੀਆਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਭਾਜਪਾ ਨਾਲ ਟੀ.ਡੀ.ਪੀ. ਅਤੇ ਜਨਸੈਨਾ ਪਾਰਟੀ ਦਾ ਗੱਠਜੋੜ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ’ਚ ਮਦਦ ਕਰੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਸੀਟਾਂ ਦੀ ਵੰਡ ਦੇ ਤਰੀਕਿਆਂ ’ਤੇ ਇਕ-ਦੋ ਦਿਨਾਂ ’ਚ ਚਰਚਾ ਹੋਵੇਗੀ।
ਉਨ੍ਹਾਂ ਨੇ ਆਂਧਰਾ ਪ੍ਰਦੇਸ਼ ’ਚ ਸੱਤਾਧਾਰੀ ਵਾਈ.ਐਸ.ਆਰ. ਕਾਂਗਰਸ ’ਤੇ ਵੀ ਨਿਸ਼ਾਨਾ ਸਾਧਿਆ। ਸੂਤਰਾਂ ਨੇ ਦਸਿਆ ਕਿ ਸਨਿਚਰਵਾਰ ਨੂੰ ਦੂਜੇ ਦੌਰ ਦੀ ਗੱਲਬਾਤ ਤੋਂ ਬਾਅਦ ਤਿੰਨਾਂ ਪਾਰਟੀਆਂ ਨੇ ਗੱਠਜੋੜ ’ਤੇ ਮੋਹਰ ਲਗਾ ਦਿਤੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਜਨਸੈਨਾ ਮਿਲ ਕੇ ਆਂਧਰਾ ਪ੍ਰਦੇਸ਼ ’ਚ ਲਗਭਗ ਅੱਠ ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਸਕਦੀਆਂ ਹਨ। ਸੂਤਰਾਂ ਮੁਤਾਬਕ ਟੀ.ਡੀ.ਪੀ. ਬਾਕੀ 17 ਲੋਕ ਸਭਾ ਸੀਟਾਂ ਅਤੇ 145 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ।
ਉਨ੍ਹਾਂ ਕਿਹਾ ਕਿ ਗੱਠਜੋੜ ਦਾ ਅਧਿਕਾਰਤ ਐਲਾਨ ਛੇਤੀ ਹੀ ਕੀਤਾ ਜਾਵੇਗਾ। ਸੂਤਰਾਂ ਨੇ ਦਸਿਆ ਕਿ ਭਾਜਪਾ ਆਂਧਰਾ ਪ੍ਰਦੇਸ਼ ’ਚ ਲਗਭਗ ਛੇ ਲੋਕ ਸਭਾ ਸੀਟਾਂ ਅਤੇ ਇੰਨੀ ਹੀ ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਸਕਦੀ ਹੈ। ਸੂਤਰਾਂ ਨੇ ਦਸਿਆ ਕਿ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਜਨਸੈਨਾ ਪਾਰਟੀ ਦੇ ਮੁਖੀ ਪਵਨ ਕਲਿਆਣ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਦੌਰਾਨ ਗੱਠਜੋੜ ’ਤੇ ਸਹਿਮਤੀ ਬਣੀ। ਆਂਧਰਾ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ-ਨਾਲ ਹੋਣਗੀਆਂ।