
ਸਾਰੀਆਂ ਮੁਸੀਬਤਾਂ ਦਾ ਹੱਲ ਸਿਰਫ਼ ਗੱਲਬਾਤ ਨਾਲ ਹੀ ਕੱਢਿਆ ਜਾ ਸਕਦਾ ਹੈ - ਅਨਿਲ ਵਿਜ
ਨਵੀਂ ਦਿੱਲੀ - ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 4 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਧਰਨੇ 'ਤੇ ਕਈ ਲੀਡਰਾਂ ਦੇ ਬਿਆਨ ਆਉਂਦੇ ਰਹਿੰਦੇ ਹਨ ਹੁਣ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਹਰਿਆਣਾ ਬਾਰਡਰ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲੈ ਵੱਡਾ ਬਿਆਨ ਦਿੱਤਾ ਹੈ।
ਉਹਨਾਂ ਕਿਹਾ ਕਿ ਹਰਿਆਣਾ ਦੇ ਬਾਰਡਰ 'ਤੇ ਐਨੀ ਵੱਡੀ ਗਿਣਤੀ ਵਿਚ ਕਿਸਾਨ ਬੈਠੇ ਹਨ ਤੇ ਕੋਰੋਨਾ ਵੀ ਲਗਾਤਾਰ ਵਧ ਰਿਹਾ ਹੈ ਤੇ ਮੈਂ ਉਹਨਾਂ ਨੂੰ ਵੀ ਕੋਰੋਨਾ ਤੋਂ ਬਚਾਉਣਾ ਹੈ ਤੇ ਮੈਂ ਖੇਤੀਬਾੜੀ ਮੰਤਰੀ ਨੂੰ ਪੱਤਰ ਵੀ ਲਿਖਣਾ ਹੈ ਜਿਸ ਵਿਚ ਮੈਂ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕਰਾਂਗਾ। ਉਹਨਾਂ ਕਿ ਗੱਲਬਾਤ ਸ਼ੁਰੂ ਹੋਣ ਕਰ ਕੇ ਹੀ ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਰੋਕਿਆ ਜਾ ਸਕੇਗਾ ਤੇ ਉਹਨਾਂ ਨੂੰ ਇੱਥੋ ਹਟਾਇਆ ਜਾ ਸਕੇਗਾ। ਉਹਨਾਂ ਕਿਹਾ ਸਾਰੀਆਂ ਮੁਸੀਬਤਾਂ ਦਾ ਹੱਲ ਸਿਰਫ਼ ਗੱਲਬਾਤ ਨਾਲ ਹੀ ਕੱਢਿਆ ਜਾ ਸਕਦਾ ਹੈ।
Farmer Protest
ਦੱਸ ਦਈਏ ਕਿ ਹਰਿਆਣਾ ਵਿਚ ਐਨਸੀਆਰ ਦੇ ਨਾਲ ਜੀਟੀ ਬੈਲਟ ਦੇ ਜ਼ਿਲ੍ਹਿਆ ਵਿਚ ਵੀ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਇਥੇ ਕੋਰੋਨਾ ਦੇ ਵਧਦੇ ਕੇਸਾਂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ, ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਿਰੰਤਰ ਘੱਟ ਰਹੀ ਹੈ। ਵੀਰਵਾਰ ਨੂੰ ਸੂਬੇ ਵਿਚ 2872 ਨਵੇਂ ਕੋਰੋਨਾ ਕੇਸ ਪਾਏ ਗਏ ਹਨ ਜਦੋਂ ਕਿ 11 ਮਰੀਜ਼ਾਂ ਦੀ ਮੌਤ ਹੋ ਗਈ।