
ਪ੍ਰਸਿੱਧ ਅਰਥਸ਼ਾਸਤਰੀ ਜੀਅਨ ਡਰੇਜ਼ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੂੰ ਆਰਥਕ ਵਾਧੇ ਦੀ 'ਸਨਕ' ਵਿਚੋਂ ਬਾਹਰ ਨਿਲਕਣ ਅਤੇ ਵਿਕਾਸ ਕੀ ਹੈ...
ਨਵੀਂ ਦਿੱਲੀ, ਪ੍ਰਸਿੱਧ ਅਰਥਸ਼ਾਸਤਰੀ ਜੀਅਨ ਡਰੇਜ਼ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੂੰ ਆਰਥਕ ਵਾਧੇ ਦੀ 'ਸਨਕ' ਵਿਚੋਂ ਬਾਹਰ ਨਿਲਕਣ ਅਤੇ ਵਿਕਾਸ ਕੀ ਹੈ, ਇਸ ਬਾਰੇ ਵਿਆਪਕ ਨਜ਼ਰੀਆ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਈ ਖੇਤਰਾਂ ਵਿਚ ਅਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਉਸ ਨੂੰ ਕਾਰਪੋਰੇਟ ਜਗਤ ਜਾਂ ਰਾਜ ਸਰਕਾਰਾਂ ਦੇ ਭਰੋਸੇ 'ਤੇ ਛੱਡ ਰਹੀ ਹੈ।
ਡਰੇਜ਼ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਹੇਠਲੇ ਵਰਗ ਦੇ ਸਮਾਜਕ ਅਤੇ ਆਰਥਕ ਜੀਵਨ 'ਤੇ ਪੈਣ ਵਾਲੇ ਅਸਰ, ਗ਼ਰੀਬ ਅਤੇ ਅਮੀਰ ਵਿਚਲੇ ਪਾੜੇ ਆਦਿ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ, 'ਸਰਕਾਰ ਨੂੰ ਆਰਥਕ ਵਾਧੇ ਦੀ ਸਨਕ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਵਿਕਾਸ ਕੀ ਹੈ, ਇਸ ਬਾਰੇ ਵਿਆਪਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਆਰਥਕ ਵਾਧਾ ਜੀਵਨ ਪੱਧਰ ਵਿਚ ਸੁਧਾਰ ਦੇ ਤੌਰ 'ਤੇ ਵਿਕਾਸ ਵਿਚ ਨਿਸ਼ਚੇ ਹੀ ਯੋਗਦਾਨ ਦੇ ਸਕਦਾ ਹੈ ਪਰ ਇਹ ਅਪਣੇ ਆਪ ਵਿਚ ਦੂਰਗਾਮੀ ਨਹੀਂ ਹੋ ਸਕਦੀ।'
ਬੈਲਜੀਅਮ ਵਿਚ ਪੈਦਾ ਹੋਏ ਅਤੇ ਹੁਣ ਭਾਰਤੀ ਨਾਗਰਿਕ ਡਰੇਜ਼ ਨੇ ਕਿਹਾ ਕਿ ਵਿਕਾਸ ਲਈ ਸਿਖਿਆ, ਸਿਹਤ, ਪੋਸ਼ਣ, ਸਮਾਜਕ ਸੁਰੱਖਿਆ, ਵਾਤਾਵਰਣ ਹਿਫ਼ਾਜ਼ਤ ਆਦਿ ਖੇਤਰਾਂ ਵਿਚ ਵਿਸਤ੍ਰਿਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ, 'ਮੋਦੀ ਸਰਕਾਰ ਇਨ੍ਹਾਂ ਵਿਚੋਂ ਕਈ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਉਦਯੋਗਿਕ ਘਰਾਣਿਆਂ ਜਾਂ ਫਿਰ ਰਾਜ ਸਰਕਾਰਾਂ ਦੇ ਭਰੋਸੇ ਛੱਡ ਰਹੀ ਹੈ।'
ਡਰੇਜ਼ ਨੇ ਕਿਹਾ ਕਿ ਵਿਕਾਸ ਦੀ ਦਿਸ਼ਾ ਵਿਚ ਸੱਭ ਤੋਂ ਅਹਿਮ ਸ਼ੁਰੂਆਤ ਗੁਣਵੱਤਾ ਵਾਲੀ ਸਿਖਿਆ ਹੈ। ਇਸ ਨੂੰ ਹਾਲ ਹੀ ਵਿਚ ਦੁਨੀਆਂ ਭਰ ਵਿਚ ਖ਼ੁਦ ਭਾਰਤ ਵਿਚ ਵਿਕਾਸ ਕਾਰਜ ਤੋਂ ਮਿਲੇ ਅਨੁਭਵ ਵਿਚ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਗ਼ਰੀਬਾਂ ਲਈ ਖ਼ਾਸ ਤੌਰ 'ਤੇ ਬਿਹਤਰ ਨਹੀਂ ਰਹੇ। ਨੋਟਬੰਦੀ ਨੇ ਵਿੱਤੀ ਰੂਪ ਵਿਚ ਕਮਜ਼ੋਰ ਵਰਗ ਨੂੰ ਝਟਕਾ ਦਿਤਾ ਹੈ। (ਏਜੰਸੀ)