
ਚੀਨੀ ਫ਼ੌਜ ਨੇ ਪੂਰਬੀ ਲਦਾਖ਼ ਦੇ ਹਾਟ ਸਪਰਿੰਗਜ਼ ਵਿਚ ਟਕਰਾਅ ਵਾਲੇ ਖੇਤਰ ਤੋਂ ਬੁਧਵਾਰ ਨੂੰ ਅਪਣੇ ਸਾਰੇ ਅਸਥਾਈ ਢਾਂਚਿਆਂ ਨੂੰ ਹਟਾ
ਨਵੀਂ ਦਿੱਲੀ, 8 ਜੁਲਾਈ : ਚੀਨੀ ਫ਼ੌਜ ਨੇ ਪੂਰਬੀ ਲਦਾਖ਼ ਦੇ ਹਾਟ ਸਪਰਿੰਗਜ਼ ਵਿਚ ਟਕਰਾਅ ਵਾਲੇ ਖੇਤਰ ਤੋਂ ਬੁਧਵਾਰ ਨੂੰ ਅਪਣੇ ਸਾਰੇ ਅਸਥਾਈ ਢਾਂਚਿਆਂ ਨੂੰ ਹਟਾ ਦਿਤਾ ਅਤੇ ਅਪਣੀ ਫ਼ੋਰਸ ਦੀ ਵਾਪਸੀ ਦੀ ਕਵਾਇਦ ਲਗਭਗ ਮੁਕੰਮਲ ਕਰ ਦਿਤੀ। ਇਸ ਘਟਨਾ¬ਕ੍ਰਮ ਤੋਂ ਜਾਣੂੰ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਇਹ ਕਦਮ ਟਕਰਾਅ ਵਾਲੇ ਬਿੰਦੂਆਂ ਤੋਂ ਫ਼ੋਰਸ ਦੀ ਤੇਜ਼ੀ ਨਾਲ ਵਾਪਸੀ ਦੇ ਸਬੰਧ ਵਿਚ ਕੀਤੇ ਗਏ ਦੋਹਾਂ ਦੇਸ਼ਾਂ ਦੇ ਫ਼ੈਸਲੇ ਮੁਤਾਬਕ ਚੁਕਿਆ ਗਿਆ ਹੈ।
ਕੌਮੀ ਸੁਰੱਖਿਆ ਸਲਾਹਾਕਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯਂ ਵਿਚਾਲੇ ਐਤਵਾਰ ਨੂੰ ਟੈਲੀਫ਼ੋਨ ’ਤੇ ਗੱਲਬਾਤ ਹੋਈ ਸੀ ਜਿਸ ਦੌਰਾਨ ਫ਼ੌਜੀਆਂ ਦੀ ਵਾਪਸੀ ਦੀ ਵਾਪਸੀ ਲਈ ਸਹਿਮਤੀ ਬਣੀ ਸੀ। ਗੱਲਬਾਤ ਮਗਰੋਂ ਗਲਵਾਨ ਘਾਟੀ, ਹਾਟ ਸਪਰਿੰਗਜ਼, ਗੋਗਰਾ ਅਤੇ ਪੈਂਗੋਂਗ ਸੋ ਦੇ ਫ਼ਿੰਗਰ ਇਲਾਕਿਆਂ ਤੋਂ ਫ਼ੌਜ ਦੀ ਵਾਪਸੀ ਦੀ ਕਵਾਇਦ ਸ਼ੁਰੂ ਹੋ ਗਈ।
File Photo
ਸੂਤਰਾਂ ਨੇ ਦਸਿਆ ਕਿ ਚੀਨੀ ਫ਼ੌਜ ਦੀ ਵਾਪਸੀ ਦੀ ਕਵਾਇਦ ਹਾਟ ਸਪਰਿੰਗਜ਼ ਦੇ ਗਸ਼ਤ ਬਿੰਦੂ 15 ਵਿਚ ਪੂਰੀ ਹੋ ਗਈ ਹੈ। ਉਨ੍ਹਾਂ ਦਸਿਆ ਕਿ ਭਾਰਤੀ ਫ਼ੌਜ ਦੀ ਵਾਪਸੀ ਦੀ ਕਵਾਇਦ ਦੇ ਅਸਲ ਲਾਗੂਕਰਨ ਦੀ ਜਾਂਚ ਲਈ ਆਉਣ ਵਾਲੇ ਦਿਨਾਂ ਵਿਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਮਝਿਆ ਜਾ ਰਿਹਾ ਹੈ ਕਿ ਗੋਗਰਾ ਵਿਚ ਦੋਹਾਂ ਦੇਸ਼ਾਂ ਦੀ ਫ਼ੌਜ ਦੀ ਵਾਪਸੀ ਦੀ ਕਵਾਇਦ ਵੀਰਵਾਰ ਤਕ ਪੂਰੀ ਹੋ ਜਾਵੇਗੀ। ਗੋਗਰਾ ਅਤੇ ਹਾਂਟ ਸਪਰਿੰਗਜ਼ ਟਕਰਾਅ ਵਾਲੇ ਅਜਿਹੇ ਬਿੰਦੂ ਹਨ ਜਿਥੇ ਪਿਛਲੇ ਅੱਠ ਹਫ਼ਤਿਆਂ ਤੋਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ। ਸੂਤਰਾਂ ਨੇ ਦਸਿਆ ਕਿ ਫ਼ੋਰਸ ਦੀ ਵਾਪਸੀ ਦੀ ਕਵਾਇਦ ਦਾ ਪਹਿਲਾ ਗੇੜ ਪੂਰਾ ਹੋ ਜਾਣ ਮਗਰੋਂ ਇਸ ਹਫ਼ਤੇ ਦੇ ਅਖ਼ੀਰ ਵਿਚ ਦੋਵੇਂ ਫ਼ੌਜਾਂ ਗੱਲਬਾਤ ਕਰ ਸਕਦੀਆਂ ਹਨ। (ਏਜੰਸੀ)