
ਕੇਂਦਰ ਸਰਕਾਰ ਨੇ ਰਾਜੀਵ ਗਾਂਧੀ ਫ਼ਾਊਂਡੇਸ਼ਨ ਸਣੇ ਨਹਿਰੂ ਪਰਵਾਰ ਨਾਲ ਜੁੜੇ ਤਿੰਨ ਟਰੱਸਟਾਂ ਦੁਆਰਾ ਕਾਲਾ ਧਨ ਅਤੇ ਵਿਦੇਸ਼ੀ ਚੰਦਾ
ਨਵੀਂ ਦਿੱਲੀ, 8 ਜੁਲਾਈ : ਕੇਂਦਰ ਸਰਕਾਰ ਨੇ ਰਾਜੀਵ ਗਾਂਧੀ ਫ਼ਾਊਂਡੇਸ਼ਨ ਸਣੇ ਨਹਿਰੂ ਪਰਵਾਰ ਨਾਲ ਜੁੜੇ ਤਿੰਨ ਟਰੱਸਟਾਂ ਦੁਆਰਾ ਕਾਲਾ ਧਨ ਅਤੇ ਵਿਦੇਸ਼ੀ ਚੰਦਾ ਲੈਣ ਸਣੇ ਵੱਖ ਵੱਖ ਕਾਨੂੰਨਾਂ ਦੀ ਕਥਿਤ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਵਿਚ ਤਾਲਮੇਲ ਲਈ ਅੰਤਰ-ਮੰਤਰਾਲਾ ਟੀਮ ਕਾਇਮ ਕੀਤੀ ਹੈ।
ਸਰਕਾਰ ਨੇ ਇਹ ਫ਼ੈਸਲਾ ਭਾਜਪਾ ਦੇ ਇਹ ਦੋਸ਼ ਲਾਉਣ ਦੇ ਲਗਭਗ ਦੋ ਹਫ਼ਤਿਆਂ ਮਗਰੋਂ ਕੀਤਾ ਹੈ ਜਿਸ ਵਿਚ ਪਾਰਟੀ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਫ਼ਾਊਂਡੇਸ਼ਨ ਨੂੰ ਚੀਨੀ ਸਫ਼ਾਰਤਖ਼ਾਨੇ ਤੋਂ ਪੈਸਾ ਮਿਲਿਆ ਹੈ।
File Photo
ਇਹ ਦੋਸ਼ ਲਦਾਖ਼ ਵਿਚ ਭਾਰਤੀ ਫ਼ੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਚਾਲੇ ਚੱਲ ਰਹੇ ਰੇੜਕਾ ਵਿਚਾਲੇ ਲੱਗਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਅੰਤਰ-ਮੰਤਰਾਲਾ ਟੀਮ ਦੀ ਅਗਵਾਈ ਇਨਫ਼ੋਰਸਮੈਂਟ ਡਾਇਰੈਕਟਰੋਟੇ ਦੇ ਵਿਸ਼ੇਸ਼ ਨਿਰਦੇਸ਼ਕ ਕਰਨਗੇ। ਉਧਰ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਰਾਜੀਵ ਗਾਂਧੀ ਫ਼ਾਊਂਡੇਸ਼ਨ’ ਸਣੇ ਗਾਂਧੀ ਨਹਿਰੂ ਪਰਵਾਰ ਨਾਲ ਜੁੜੇ ਤਿੰਨ ਟਰੱਸਟਾਂ ਦੇ ਮਾਮਲੇ ਵਿਚ ਕੇਂਦਰ ਸਰਕਾਰ ਦੇ ਫ਼ੈਸਲੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਇਹ ਨਹੀਂ ਸਮਝਣਗੇ ਕਿ ਸੱਚ ਲਈ ਲੜਨ ਵਾਲਿਆਂ ਨੂੰ ਡਰਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ।
ਰਾਹੁਲ ਗਾਂਧੀ ਨੇ ਟਵਿਟਰ ’ਤੇ ਕਿਹਾ, ‘ਮੋਦੀ ਜੀ ਮੰਨਦੇ ਹਨ ਕਿ ਦੁਨੀਆਂ ਉਨ੍ਹਾਂ ਵਾਂਗ ਹੈ। ਉਹ ਸਮਝਦੇ ਹਨ ਕਿ ਹਰ ਕਿਸੇ ਦੀ ਕੀਮਤ ਹੁੰਦੀ ਹੈ ਜਾਂ ਉਸ ਨੂੰ ਡਰਾਇਆ ਜਾ ਸਕਦਾ ਹੈ। ਉਹ ਕਦੇ ਨਹੀਂ ਸਮਝਣਗੇ ਕਿ ਸੱਚ ਲਈ ਲੜਨ ਵਾਲਿਆਂ ਦੀ ਕੋਈ ਕੀਮਤ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਧਮਕਾਇਆ ਨਹੀਂ ਜਾ ਸਕਦਾ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਆਗੂਆਂ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਡਰਾਇਆ ਨਹੀਂ ਜਾ ਸਕਦਾ। (ਏਜੰਸੀ)