
28 ਹਸਪਤਾਲ ’ਚ ਭਰਤੀ, 3 ਦੀ ਹਾਲਤ ਗੰਭੀਰ
ਹੈਦਰਾਬਾਦ : ਹੈਦਰਾਬਾਦ ’ਚ ਮਿਲਾਵਟੀ ਤਾੜੀ ਪੀਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 12 ਔਰਤਾਂ ਸਮੇਤ 28 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਸਾਈਬਰਾਬਾਦ ਦੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮੰਗਲਵਾਰ ਰਾਤ ਨੂੰ ਹਸਪਤਾਲ ਲਿਜਾਏ ਗਏ ਦੋ ਲੋਕਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਸੂਬੇ ਦੇ ਆਬਕਾਰੀ ਅਤੇ ਮਨਾਹੀ ਵਿਭਾਗ ਦੇ ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਕਥਿਤ ਤੌਰ ਉਤੇ ਤਾੜੀ ਪੀਣ ਤੋਂ ਬਾਅਦ 28 ਲੋਕ ਬਿਮਾਰ ਹੋ ਗਏ। ਸਰਕਾਰੀ ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਜਿੱਥੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਨੇ ਇਕ ਬਿਆਨ ਵਿਚ ਕਿਹਾ ਕਿ ਤਿੰਨ ਮਰੀਜ਼ ਗੰਭੀਰ ਰੂਪ ਨਾਲ ਬਿਮਾਰ ਹਨ।
ਮੰਗਲਵਾਰ ਰਾਤ ਨੂੰ 15 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਸੀ। ਬੁਧਵਾਰ ਸਵੇਰ ਤਕ ਇਹ ਗਿਣਤੀ ਵਧ ਕੇ 28 ਹੋ ਗਈ ਸੀ।
ਪ੍ਰਭਾਵਤ ਲੋਕਾਂ ਨੇ 6 ਜੁਲਾਈ ਅਤੇ 8 ਜੁਲਾਈ ਨੂੰ ਕੁਕਟਪੱਲੀ, ਬਾਲਾਨਗਰ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੱਖ-ਵੱਖ ਤਾੜੀ ਦੀਆਂ ਦੁਕਾਨਾਂ ਉਤੇ ਤਾੜੀ ਦਾ ਸੇਵਨ ਕੀਤਾ ਅਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਖਰਾਬ ਸਿਹਤ ਦੀ ਸ਼ਿਕਾਇਤ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਸੀ।
ਤਿੰਨ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਕ ਡਾਇਲਸਿਸ ਤੋਂ ਲੰਘ ਰਿਹਾ ਹੈ। ਇਕ ਵੈਂਟੀਲੇਟਰ ਉਤੇ ਹੈ ਅਤੇ ਦੂਜੇ ਲਈ ਡਾਇਲਸਿਸ ਦੀ ਯੋਜਨਾ ਬਣਾਈ ਗਈ ਹੈ। ਤੇਲੰਗਾਨਾ ਦੇ ਆਬਕਾਰੀ ਮੰਤਰੀ ਜੁਪਾਲੀ ਕ੍ਰਿਸ਼ਨਾ ਰਾਓ ਨੇ ਬੁਧਵਾਰ ਨੂੰ ਨਿਮਸ ਹਸਪਤਾਲ ਦਾ ਦੌਰਾ ਕੀਤਾ ਅਤੇ ਪ੍ਰਭਾਵਤ ਵਿਅਕਤੀਆਂ ਨਾਲ ਮੁਲਾਕਾਤ ਕੀਤੀ।
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੇ ਸਬੰਧ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦਸਿਆ ਕਿ ਤਾੜੀ ਦੀਆਂ ਦੁਕਾਨਾਂ ਜਿੱਥੇ ਲੋਕਾਂ ਨੇ ਤਾੜੀ ਪੀਤੀ ਸੀ, ਨੂੰ ਸੀਲ ਕਰ ਦਿਤਾ ਗਿਆ ਹੈ ਅਤੇ ਉਥੋਂ ਨਮੂਨੇ ਇਕੱਠੇ ਕਰ ਕੇ ਰਸਾਇਣਕ ਵਿਸ਼ਲੇਸ਼ਣ ਲਈ ਭੇਜੇ ਗਏ ਹਨ, ਜਦਕਿ ਇਲਾਜ ਅਧੀਨ ਲੋਕਾਂ ਤੋਂ ਇਕੱਤਰ ਕੀਤੇ ਨਮੂਨੇ ਫੋਰੈਂਸਿਕ ਸਾਇੰਸ ਲੈਬ ਭੇਜੇ ਗਏ ਹਨ।
ਮੰਤਰੀ ਨੇ ਕਿਹਾ ਕਿ ਰੀਪੋਰਟ ਦੇ ਆਧਾਰ ਉਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਦੁਕਾਨਾਂ ਦੇ ਲਾਇਸੈਂਸ ਰੱਦ ਕਰ ਦਿਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਕਦਮ ਚੁਕੇ ਜਾਣਗੇ।
ਤੇਲੰਗਾਨਾ ਦੇ ਸਿਹਤ ਮੰਤਰੀ ਸੀ ਦਾਮੋਦਰ ਰਾਜਨਰਸਿਮਹਾ ਨੇ ਬੁਧਵਾਰ ਨੂੰ ਡਾਕਟਰਾਂ ਨਾਲ ਇਲਾਜ ਕਰਵਾ ਰਹੇ ਲੋਕਾਂ ਦੀ ਸਿਹਤ ਬਾਰੇ ਗੱਲ ਕੀਤੀ ਅਤੇ ਸਿਹਤ ਅਧਿਕਾਰੀਆਂ ਨੂੰ ਉਨ੍ਹਾਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਹੁਕਮ ਦਿਤੇ।