
ਸਾਬੀਹ ਖ਼ਾਨ ਨੂੰ ਸਾਲ 2019 ਵਿੱਚ ਐਪਲ ਕਾਰਜਕਾਰੀ ਟੀਮ ਵਿੱਚ ਸੰਚਾਲਨ ਸੈਕਸ਼ਨ ਵਿੱਚ ਸੀਨੀਅਰ ਉਪ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਮਿਲੀ।
Sabih Khan Apple New COO: ਭਾਰਤੀ ਮੂਲ ਦੇ ਸਾਬੀਹ ਖਾਨ ਨੂੰ ਤਕਨੀਕੀ ਦੁਨੀਆਂ ਦੀ ਦਿੱਗਜ ਕੰਪਨੀ ਐਪਲ ਇੰਕ ਵਿੱਚ ਇੱਕ ਵੱਡੀ ਅਤੇ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਸਾਬੀਹ ਖ਼ਾਨ ਹੁਣ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਦਾ ਅਹੁਦਾ ਸੰਭਾਲਣਗੇ। ਇਹ ਖ਼ਬਰ ਭਾਰਤ ਲਈ ਵੀ ਮਾਣ ਵਾਲੀ ਗੱਲ ਹੈ, ਕਿਉਂਕਿ ਸਾਬੀਹ ਖ਼ਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਵਿੱਚ ਹੋਇਆ ਸੀ।
ਸਾਬੀਹ ਖ਼ਾਨ ਨੂੰ ਸਾਲ 2019 ਵਿੱਚ ਐਪਲ ਕਾਰਜਕਾਰੀ ਟੀਮ ਵਿੱਚ ਸੰਚਾਲਨ ਸੈਕਸ਼ਨ ਵਿੱਚ ਸੀਨੀਅਰ ਉਪ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਮਿਲੀ। ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਐਪਲ ਦੀ ਗਲੋਬਲ ਸਪਲਾਈ ਚੇਨ, ਉਤਪਾਦ ਗੁਣਵੱਤਾ, ਯੋਜਨਾਬੰਦੀ, ਨਿਰਮਾਣ ਅਤੇ ਲੌਜਿਸਟਿਕਸ ਸਮੇਤ ਕਈ ਮਹੱਤਵਪੂਰਨ ਵਿਭਾਗਾਂ ਦਾ ਚਾਰਜ ਸੰਭਾਲਿਆ।
ਸਾਬੀਹ ਖ਼ਾਨ ਨੇ ਸਾਲ 1995 ਵਿੱਚ ਐਪਲ ਕੰਪਨੀ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਨ੍ਹਾਂ ਨੇ ਕੰਪਨੀ ਵਿੱਚ 30 ਸਾਲਾਂ ਦੀ ਲੰਬੀ ਅਤੇ ਸਫ਼ਲ ਸੇਵਾ ਦਿੱਤੀ ਹੈ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕੰਪਨੀ ਦੇ ਅੰਦਰ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।
ਸਾਬੀਹ ਖ਼ਾਨ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟਫ਼ਟਸ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਰੇਂਸੇਲੇਅਰ ਪੌਲੀਟੈਕਨਿਕ ਇੰਸਟੀਚਿਊਟ (RPI) ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ।
ਸਾਬੀਹ ਖਾਨ ਜੈਫ਼ ਵਿਲੀਅਮਜ਼ ਦੀ ਜਗ੍ਹਾ ਲੈਣਗੇ। ਜੈਫ ਵਿਲੀਅਮਜ਼ ਇਸ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਅਤੇ ਇਸ ਸਾਲ ਦੇ ਅੰਤ ਵਿੱਚ ਸੇਵਾਮੁਕਤ ਹੋਣਗੇ। ਜੈਫ਼ ਵਿਲੀਅਮਜ਼ ਨੇ ਐਪਲ ਲਈ 27 ਸਾਲ ਸੇਵਾ ਨਿਭਾਈ ਹੈ। ਉਹ ਰਿਟਾਇਰਮੈਂਟ ਤੱਕ ਕੰਪਨੀ ਦੀ ਡਿਜ਼ਾਈਨ ਟੀਮ ਦੀ ਅਗਵਾਈ ਕਰਨਗੇ ਅਤੇ ਇਸ ਸਮੇਂ ਦੌਰਾਨ ਸਿੱਧੇ ਸੀਈਓ ਟਿਮ ਕੁੱਕ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ, ਡਿਜ਼ਾਈਨ ਟੀਮ ਸਿੱਧੇ ਟਿਮ ਕੁੱਕ ਨੂੰ ਰਿਪੋਰਟ ਕਰੇਗੀ। ਇਹ ਬਦਲਾਅ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਐਪਲ ਅਮਰੀਕਾ ਦੁਆਰਾ ਲਗਾਏ ਜਾ ਰਹੇ ਨਵੇਂ ਟੈਰਿਫ਼ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਏਆਈ ਦੇ ਖੇਤਰ ਵਿੱਚ ਵੀ ਵੱਡੀਆਂ ਤਿਆਰੀਆਂ ਕਰ ਰਿਹਾ ਹੈ।