
ਅਦਾਕਾਰ ਅਭਿਸ਼ੇਕ ਬੱਚਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਕੋਵਿਡ -19 ਤੋਂ ਠੀਕ ਹੋ ਗਿਆ ਹੈ
ਮੁੰਬਈ, 8 ਅਗੱਸਤ : ਅਦਾਕਾਰ ਅਭਿਸ਼ੇਕ ਬੱਚਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਕੋਵਿਡ -19 ਤੋਂ ਠੀਕ ਹੋ ਗਿਆ ਹੈ ਅਤੇ ਉਸ ਦੀ ਦੇਖਭਾਲ ਲਈ ਸਾਰੇ ਮੈਡੀਕਲ ਕਰਮਚਾਰੀਆਂ ਦਾ ਧੰਨਵਾਦ ਕੀਤਾ। ਜੁਲਾਈ 'ਚ ਅਭਿਸ਼ੇਕ, ਪਿਤਾ ਅਮਿਤਾਭ ਬੱਚਨ, ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਧੀ ਆਰਾਧਿਆ, ਜੋ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ, ਨੂੰ ਨਾਨਾਵਤੀ ਹਸਪਤਾਲ ਦੇ ਵੱਖਰੇ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਸੀ। 11 ਜੁਲਾਈ ਨੂੰ ਲਾਗ ਦੀ ਪੁਸ਼ਟੀ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖ਼ਲ ਹੋਏ 44 ਸਾਲਾ ਅਭਿਨੇਤਾ ਨੇ ਇੰਸਟਾਗ੍ਰਾਮ 'ਤੇ ਅਪਣੀ ਟੈਸਟ ਰੀਪੋਰਟ ਨੈਗੇਟਿਵ ਆਉਣ ਦੀ ਖ਼ਬਰ ਸਾਂਝੀ ਕੀਤੀ। (ਪੀਟੀਆਈ)
Photo
ਮੁਲਾਇਮ ਸਿੰਘ ਯਾਦਵ ਹਸਪਤਾਲ 'ਚ ਦਾਖ਼ਲ
ਲਖਨਉ, 8 ਅਗੱਸਤ : ਸਿਹਤ ਖ਼ਰਾਬ ਹੋਣ ਦੇ ਬਾਅਦ ਹਸਪਤਾਲ 'ਚ ਦਾਖ਼ਲ ਕਰਾਏ ਗਏ ਸਮਾਜਵਾਦੀ ਪਾਰਟੀ ਦੇ ਸਰਪਰਸਤ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਹਾਲਤ ਸਥਿਰ ਬਣੀ ਹੋਈ ਹੈ। ਯਾਦਵ ਨੂੰ ਪਿਸ਼ਾਬ ਨਲੀ 'ਚ ਲਾਗ ਦੇ ਬਾਅਦ ਵੀਰਵਾਰ ਦੇਰ ਰਾਤ ਲਖਨਉ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਨੇ ਸ਼ੁਕਰਵਾਰ ਰਾਤ ਹਸਪਤਾਲ ਜਾ ਕੇ ਯਾਦਵ ਦਾ ਹਾਲ ਲਿਆ। ਮੇਦਾਂਤਾ ਦੇ ਡਾਇਰੈਕਟਰ ਡਾਕਟਰ ਰਾਕੇਸ਼ ਕਪੂਰ ਨੇ ਸਨਿਚਰਵਾਰ ਨੂੰ ਦਸਿਆ ਕਿ ਯਾਦਵ ਨੂੰ ਲਾਗ ਦੀ ਸ਼ਿਕਾਇਤ ਦੇ ਬਾਅਦ ਵੀਰਵਾਰ ਦੇਰ ਰਾਤ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਕੋਰੋਨਾ ਵਾਇਰਸ ਲਈ ਵੀ ਉਨ੍ਹਾਂ ਦੀ ਜਾਂਚ ਕੀਤੀ ਗਈ ਜਿਸ ਦੀ ਰੀਪੋਰਟ ਨੈਗੇਟਿਵ ਆਈ ਹੈ। (ਪੀਟੀਆਈ)