
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੀ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜੈਪੁਰ, 8 ਅਗੱਸਤ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੀ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ 'ਮੋਦੀ ਜ਼ਿੰਦਾਬਾਦ' 'ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣ ਤੋਂ ਇਨਕਾਰ ਕਰਨ 'ਤੇ 52 ਸਾਲਾ ਆਟੋਰਿਕਸ਼ਾ ਚਾਲਕ ਦੀ ਕੁੱਟਮਾਰ ਕੀਤੀ ਹੈ। ਇੰਡੀਅਨ ਐਕਸਪ੍ਰੈਸ ਅਨੁਸਾਰ ਆਟੋਰਿਕਸ਼ਾ ਚਾਲਕ ਗੱਫਾਰ ਅਹਿਮਦ ਕਛਵਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।
Photo
ਗੱਫਾਰ ਨੇ ਦੋਵਾਂ 'ਤੇ ਉਸ ਦੀ ਘੜੀ ਅਤੇ ਪੈਸੇ ਚੋਰੀ ਕਰਨ ਦਾ ਦੋਸ਼ ਵੀ ਲਗਾਇਆ ਹੈ। ਲੜਾਈ 'ਚ ਗਫ਼ਰ ਦੇ ਦੰਦ ਟੁੱਟ ਗਏ ਹਨ, ਅੱਖਾਂ ਅਤੇ ਗਲ੍ਹਾਂ 'ਤੇ ਸੱਟਾਂ ਵੀ ਲਗੀਆਂ ਹਨ। ਗੱਫਾਰ ਅਹਿਮਦ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲਈ ਕਿਹਾ ਅਤੇ ਜਦੋਂ ਮੈਂ ਇਨਕਾਰ ਕਰ ਦਿਤਾ ਤਾਂ ਉਨ੍ਹਾਂ 'ਚੋਂ ਇਕ ਨੇ ਮੈਨੂੰ ਥੱਪੜ ਮਾਰ ਦਿਤਾ। ਕਿਸੇ ਤਰ੍ਹਾਂ ਮੈਂ ਅਪਣੇ ਰਿਕਸ਼ਾ 'ਤੇ ਸਿਕਰ ਵਲ ਨਿਕਲਿਆ ਪਰ ਉਨ੍ਹਾਂ ਮੇਰੇ ਮਗਰ ਅਪਣੀ ਕਾਰ ਲਗਾ ਲਈ।
ਗੱਫਾਰ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਉਨ੍ਹਾਂ ਮੈਨੂੰ ਆਟੋ ਤੋਂ ਉਤਾਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਉਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਤੈਨੂੰ ਪਾਕਿਸਤਾਨ ਭੇਜਣ ਤੋਂ ਬਾਅਦ ਹੀ ਆਰਾਮ ਕਰਾਂਗੇ। ਪੁਲਿਸ ਮੁਤਾਬਕ ਜਾਂਚ 'ਚ ਪਤਾ ਲਗਿਆ ਹੈ ਕਿ ਇਹ ਦੋਵੇਂ ਅਪਣੀ ਕਾਰ ਖੜ੍ਹੀ ਕਰ ਕੇ ਸ਼ਰਾਬ ਪੀ ਰਹੇ ਸੀ। ਜਿਸ ਦੇ ਬਾਅਦ ਉਨ੍ਹਾਂ ਗੱਫਾਰ ਦੀ ਕਾਰ ਨੂੰ ਰੋਕਿਆ ਅਤੇ ਉਸ ਨੂੰ ਕੁਟਿਆ। (ਪੀਟੀਆਈ)