ਉੱਚ ਪੱਧਰੀ ਜਾਂਚ ਦੇ ਹੁਕਮ ਦਿਤੇ ਗਏ
ਗੁਹਾਟੀ/ਕਟਿਹਾਰ/ਨਵੀਂ ਦਿੱਲੀ: ਪਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਕੁਮੇਦਪੁਰ ਰੇਲਵੇ ਸਟੇਸ਼ਨ ਨੇੜੇ ਇਕ ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਉੱਤਰ-ਪੂਰਬੀ ਫਰੰਟੀਅਰ ਰੇਲਵੇ (ਐੱਨ.ਐੱਫ.ਆਰ.) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਬਿਆਸਾਚੀ ਡੇ ਨੇ ਦਸਿਆ ਕਿ ਇਹ ਘਟਨਾ ਸਵੇਰੇ ਕਰੀਬ 10:45 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਮਾਲ ਗੱਡੀ ਦੇ ਕੁਲ ਪੰਜ ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਕਟਿਹਾਰ ਦੇ ਕੁਮੇਦਪੁਰ ਸਟੇਸ਼ਨ ਤੋਂ ਲੰਘਦੇ ਸਮੇਂ ਮਾਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਨਾਲ ਮੁੱਖ ਸੜਕ ਪੂਰੀ ਤਰ੍ਹਾਂ ਪ੍ਰਭਾਵਤ ਹੋਈ। ਉਨ੍ਹਾਂ ਕਿਹਾ ਕਿ ਕਟਿਹਾਰ ਤੋਂ ਦੁਰਘਟਨਾ ਰਾਹਤ ਰੇਲ (ਏ.ਆਰ.ਟੀ.) ਨੂੰ ਭੇਜਿਆ ਗਿਆ ਹੈ ਅਤੇ ਰਸਤੇ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਫਸੀ ਇਕ ਮੁਸਾਫ਼ਰ ਰੇਲ ਗੱਡੀ ਨੂੰ ਵਾਪਸ ਕਟਿਹਾਰ ਲਿਜਾਇਆ ਗਿਆ ਹੈ। ਰਸਤਾ ਬਹਾਲ ਹੋਣ ਤੋਂ ਬਾਅਦ, ਇਹ ਦੁਬਾਰਾ ਮੰਜ਼ਿਲ ਲਈ ਰਵਾਨਾ ਹੋਵੇਗਾ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਟੜੀ ਤੋਂ ਉਤਰਨਾ ਰੇਲ ਟਰੈਕ ਨਾਲ ਜੁੜਿਆ ਤਕਨੀਕੀ ਮੁੱਦਾ ਹੋ ਸਕਦਾ ਹੈ ਪਰ ਇਸ ਦਾ ਪਤਾ ਵਿਸਥਾਰਤ ਜਾਂਚ ਤੋਂ ਬਾਅਦ ਹੀ ਲੱਗੇਗਾ। ਕਟਿਹਾਰ ਡਿਵੀਜ਼ਨਲ ਰੇਲਵੇ ਮੈਨੇਜਰ ਸੁਰੇਂਦਰ ਕੁਮਾਰ ਨੇ ਦਸਿਆ ਕਿ ਮਾਲ ਗੱਡੀ ਪਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਤੋਂ ਬਿਹਾਰ ਦੇ ਕਟਿਹਾਰ ਜਾ ਰਹੀ ਸੀ।
ਨਿਊ ਜਲਪਾਈਗੁੜੀ ਤੋਂ ਕਟਿਹਾਰ ਜਾ ਰਹੀ ਮਾਲ ਗੱਡੀ ਦੇ ਪੰਜ ਡੱਬੇ ਕੁਮੇਦਪੁਰ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਪਟੜੀ ਤੋਂ ਉਤਰੇ ਡੱਬਿਆਂ ਕਾਰਨ ਨਿਊ ਜਲਪਾਈਗੁੜੀ ਅਤੇ ਕਟਿਹਾਰ ਵਿਚਕਾਰ ਰੇਲ ਆਵਾਜਾਈ ’ਚ ਵਿਘਨ ਪਿਆ। ਡਾਊਨ ਲਾਈਨ ਨੂੰ ਰੇਲ ਆਵਾਜਾਈ ਲਈ ਖੋਲ੍ਹ ਦਿਤਾ ਗਿਆ ਹੈ। ਅੱਪ ਲਾਈਨ ’ਤੇ ਰੇਲ ਆਵਾਜਾਈ ਜਲਦੀ ਹੀ ਬਹਾਲ ਕਰ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਘਟਨਾ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉੱਚ ਪੱਧਰੀ ਜਾਂਚ ਦੇ ਹੁਕਮ ਦਿਤੇ ਗਏ ਹਨ। ਐਨ.ਐਫ.ਆਰ. ਨੇ ਇਕ ਬੁਲੇਟਿਨ ਵਿਚ ਕਿਹਾ ਕਿ ਹਾਦਸੇ ਕਾਰਨ ਨਿਊ ਜਲਪਾਈਗੁੜੀ-ਮਾਲਦਾ ਟਾਊਨ-ਕਟਿਹਾਰ ਸੈਕਸ਼ਨ ਵਿਚ ਰੇਲ ਸੰਚਾਲਨ ਪ੍ਰਭਾਵਤ ਹੋਇਆ ਹੈ ਅਤੇ ਕਈ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਕੁੱਝ ਰੇਲ ਗੱਡੀਆਂ ਦਾ ਮਾਰਗ ਬਦਲਿਆ ਗਿਆ, ਕੁੱਝ ਨੂੰ ਸਮੇਂ ਤੋਂ ਪਹਿਲਾਂ ਰੋਕ ਦਿਤਾ ਗਿਆ ਜਦਕਿ ਕੁੱਝ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ।
ਅਲੀਗੜ੍ਹ ਨੇੜੇ ਮਾਲ ਗੱਡੀ ਦੇ ਦੋ ਖਾਲੀ ਡੱਬੇ ਪਟੜੀ ਤੋਂ ਉਤਰੇ
ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਨੇੜੇ ਇਕ ਮਾਲ ਗੱਡੀ ਦੇ ਦੋ ਖਾਲੀ ਡੱਬੇ ਪਟੜੀ ਤੋਂ ਉਤਰ ਗਏ। ਸ਼ੁਕਰਵਾਰ ਨੂੰ ਦੇਸ਼ ’ਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਉੱਤਰ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਸ਼ਸ਼ੀ ਕਾਂਤ ਤ੍ਰਿਪਾਠੀ ਨੇ ਕਿਹਾ ਕਿ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਨਹੀਂ ਹੋਈ ਕਿਉਂਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਸਾਈਡ ਲਾਈਨ ’ਤੇ ਵਾਪਰੀ।
ਉਨ੍ਹਾਂ ਕਿਹਾ, ‘‘ਮਾਲ ਗੱਡੀ ਹਰਦੁਆਗੰਜ ਥਰਮਲ ਪਾਵਰ ਸਟੇਸ਼ਨ ’ਤੇ ਕੋਲਾ ਉਤਾਰ ਕੇ ਵਾਪਸ ਆ ਰਹੀ ਸੀ ਅਤੇ ਹੌਲੀ ਚੱਲ ਰਹੀ ਸੀ ਜਦੋਂ ਇਸ ਦੇ ਦੋ ਖਾਲੀ ਡੱਬੇ ਪਟੜੀ ਤੋਂ ਉਤਰ ਗਏ। ਇਹ ਸਥਾਨ ਅਲੀਗੜ੍ਹ ਦੇ ਨੇੜੇ ਹੈ ਅਤੇ ਪ੍ਰਯਾਗਰਾਜ ਰੇਲਵੇ ਡਿਵੀਜ਼ਨ ਦੇ ਅਧੀਨ ਆਉਂਦਾ ਹੈ।’’
ਤਿ੍ਰਪਾਠੀ ਅਨੁਸਾਰ, ‘‘ਸਾਈਡ ਲਾਈਨਾਂ ਮੁੱਖ ਰੇਲਵੇ ਲਾਈਨ ਤੋਂ ਸ਼ੁਰੂ ਹੁੰਦੀਆਂ ਹਨ. ਉਹ ਥਰਮਲ ਪਾਵਰ ਸਟੇਸ਼ਨਾਂ ਨੂੰ ਕੋਲਾ ਉਤਾਰਨ ਵਾਲੀਆਂ ਮਾਲ ਗੱਡੀਆਂ ਦੀ ਯਾਤਰਾ ਲਈ ਵਰਤੇ ਜਾਂਦੇ ਹਨ। ਉਨ੍ਹਾਂ ਨੂੰ ਰੇਲਵੇ ਸਾਈਡਿੰਗ ਕਿਹਾ ਜਾਂਦਾ ਹੈ। ਕਿਉਂਕਿ ਮੁੱਖ ਲਾਈਨ ’ਤੇ ਕੋਈ ਰੁਕਾਵਟ ਨਹੀਂ ਹੈ, ਇਸ ਘਟਨਾ ਨੇ ਮੁਸਾਫ਼ਰ ਰੇਲ ਗੱਡੀਆਂ ਦੀ ਆਵਾਜਾਈ ਨੂੰ ਪ੍ਰਭਾਵਤ ਨਹੀਂ ਕੀਤਾ ਹੈ।’’
ਉਨ੍ਹਾਂ ਦਸਿਆ ਕਿ ਹਾਦਸੇ ਤੋਂ ਰਾਹਤ ਲਈ ਇਕ ਰੇਲ ਗੱਡੀ ਮੌਕੇ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅੱਜ ਕਟਿਹਾਰ ਡਵੀਜ਼ਨ ’ਚ ਇਕ ਰੇਲ ਗੱਡੀ ਦੇ ਪੰਜ ਡੱਬੇ ਅਤੇ ਹੁਬਲੀ ਡਿਵੀਜ਼ਨ ’ਚ ਇਕ ਮਾਲ ਗੱਡੀ ਦੇ 17 ਡੱਬੇ ਪਟੜੀ ਤੋਂ ਉਤਰ ਗਏ। ਇਨ੍ਹਾਂ ਹਾਦਸਿਆਂ ਕਾਰਨ ਮੁਸਾਫ਼ਰ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ।