
ਇੱਕ ਮਹਿਲਾ ਨੂੰ ਸੁੰਡ ਨਾਲ ਚੁੱਕ ਕੇ ਸੁੱਟਿਆ ਅਤੇ 2 ਨੂੰ ਪੈਰਾਂ ਨਾਲ ਕੁਚਲਿਆ
Chhattisgarh News : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਜੰਗਲੀ ਹਾਥੀ ਦੇ ਹਮਲੇ ਵਿੱਚ ਇੱਕੋ ਪਰਿਵਾਰ ਦੀਆਂ 2 ਔਰਤਾਂ ਦੀ ਮੌਤ ਹੋ ਗਈ ਹੈ। ਵੀਰਵਾਰ ਸਵੇਰੇ ਇੱਕ ਜੰਗਲੀ ਹਾਥੀ ਨੇ ਇੱਕ ਹੋਰ ਔਰਤ ਦੀ ਜਾਨ ਲੈ ਲਈ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਕਟਘੋਰਾ ਜੰਗਲਾਤ ਮੰਡਲ ਦੇ ਅਧੀਨ ਖੈਰਭਾਵਨਾ ਪਿੰਡ 'ਚ ਜੰਗਲੀ ਹਾਥੀ ਦੇ ਹਮਲੇ 'ਚ ਦੋ ਔਰਤਾਂ ਤੇਜਕੁੰਵਰ (63) ਅਤੇ ਸੁਰੂਜਾ (43) ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਕੋਰਬਾ ਵਣ ਮੰਡਲ ਦੇ ਕਰਤਾਲਾ ਜੰਗਲਾਤ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਅੱਠ ਹਾਥੀਆਂ ਦਾ ਇੱਕ ਸਮੂਹ ਘੁੰਮ ਰਿਹਾ ਸੀ। ਇੱਕ ਹਾਥੀ ਆਪਣੇ ਝੁੰਡ ਤੋਂ ਵੱਖ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਥੀ ਬੁੱਧਵਾਰ ਰਾਤ ਰਾਲੀਆ ਪਿੰਡ ਪਹੁੰਚਿਆ ਅਤੇ ਵੀਰਵਾਰ ਸਵੇਰੇ ਸੈਰ ਲਈ ਨਿਕਲੀ ਗਾਇਤਰੀ ਰਾਠੌਰ (55) ਨੂੰ ਕੁਚਲ ਦਿੱਤਾ।
ਉਨ੍ਹਾਂ ਦੱਸਿਆ ਕਿ ਔਰਤ 'ਤੇ ਹਮਲਾ ਕਰਨ ਤੋਂ ਬਾਅਦ ਜੰਗਲੀ ਹਾਥੀ ਉੱਥੋਂ ਤਿੰਨ ਕਿਲੋਮੀਟਰ ਦੂਰ ਪਿੰਡ ਖੋਦਰੀ ਪਹੁੰਚਿਆ ਅਤੇ ਪੰਜ ਪਸ਼ੂਆਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਹ ਰਾਤ ਕਰੀਬ 10 ਵਜੇ ਪਿੰਡ ਖੈਰਭਾਵਨਾ ਪਹੁੰਚਿਆ ਅਤੇ ਹਾਥੀ ਦੇ ਆਉਣ ਦੀ ਸੂਚਨਾ 'ਤੇ ਆਪਣੀ ਜਾਨ ਬਚਾਉਣ ਲਈ ਭੱਜ ਰਹੀਆਂ ਤੇਜਕੁੰਵਰ ਅਤੇ ਸੂਰਜਾ ਦੀ ਜਾਨ ਲੈ ਲਈ।
ਕਟਘੋਰਾ ਵਣ ਮੰਡਲ ਅਧਿਕਾਰੀ ਕੁਮਾਰ ਨਿਸ਼ਾਂਤ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਫੌਰੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਬਾਕੀ ਰਕਮ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਦਿੱਤੀ ਜਾਵੇਗੀ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਥੀ ਦੇ ਇਧਰ-ਉਧਰ ਭੱਜਣ ਅਤੇ ਖੇਤਾਂ ਅਤੇ ਆਬਾਦੀ ਵਾਲੇ ਇਲਾਕਿਆਂ ਵਿੱਚ ਜਾਣ ਕਾਰਨ ਬਿਜਲੀ ਦਾ ਕਰੰਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹਾਥੀ ਨੂੰ ਬਿਜਲੀ ਦਾ ਕਰੰਟ ਲੱਗਣ ਤੋਂ ਬਚਾਉਣ ਲਈ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੋਰਬਾ ਜ਼ਿਲ੍ਹੇ ਦੀ ਸੀਮਾ ਤੋਂ ਜੰਗਲੀ ਹਾਥੀ ਨੂੰ ਕੱਢਿਆ ਗਿਆ ਹੈ। ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ।