ਸੈਸ਼ਨ ’ਚ 15 ਬੈਠਕਾਂ ਹੋਈਆਂ ਜੋ 115 ਘੰਟੇ ਚੱਲੀਆਂ
ਨਵੀਂ ਦਿੱਲੀ: 18ਵੀਂ ਲੋਕ ਸਭਾ ਦਾ ਦੂਜਾ ਸੈਸ਼ਨ ਸ਼ੁਕਰਵਾਰ ਨੂੰ ਕੇਂਦਰੀ ਬਜਟ 2024-25 ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਦੇ ਨਾਲ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰਨ ਤੋਂ ਪਹਿਲਾਂ ਕਿਹਾ ਕਿ ਸੈਸ਼ਨ ’ਚ 15 ਬੈਠਕਾਂ ਹੋਈਆਂ ਜੋ 115 ਘੰਟੇ ਚੱਲੀਆਂ ਅਤੇ ਸਦਨ ਦੀ ਉਤਪਾਦਕਤਾ 136 ਫੀ ਸਦੀ ਰਹੀ।
18ਵੀਂ ਲੋਕ ਸਭਾ ਦਾ ਦੂਜਾ ਸੈਸ਼ਨ 22 ਜੁਲਾਈ ਨੂੰ ਸ਼ੁਰੂ ਹੋਇਆ ਸੀ, ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 23 ਜੁਲਾਈ ਨੂੰ ਸਦਨ ’ਚ ਕੇਂਦਰੀ ਬਜਟ 2024-25 ਪੇਸ਼ ਕੀਤਾ ਸੀ। ਬਿਰਲਾ ਨੇ ਕਿਹਾ ਕਿ ਸਦਨ ’ਚ ਬਜਟ ’ਤੇ ਆਮ ਚਰਚਾ 27 ਘੰਟੇ 19 ਮਿੰਟ ਤਕ ਚੱਲੀ, ਜਿਸ ’ਚ 181 ਮੈਂਬਰਾਂ ਨੇ ਹਿੱਸਾ ਲਿਆ। ਇਸ ਬਹਿਸ ਦਾ ਜਵਾਬ ਵਿੱਤ ਮੰਤਰੀ ਸੀਤਾਰਮਨ ਨੇ 30 ਜੁਲਾਈ ਨੂੰ ਦਿਤਾ ਸੀ।
ਸਿਹਤ ਮੰਤਰਾਲੇ, ਸਿੱਖਿਆ ਮੰਤਰਾਲੇ, ਰੇਲ ਮੰਤਰਾਲੇ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨਾਲ ਸਬੰਧਤ ਗ੍ਰਾਂਟਾਂ ਦੀਆਂ ਮੰਗਾਂ ’ਤੇ ਲੋਕ ਸਭਾ ’ਚ 30 ਜੁਲਾਈ ਤੋਂ 5 ਅਗੱਸਤ ਤਕ ਵਿਚਾਰ ਵਟਾਂਦਰੇ ਤੋਂ ਬਾਅਦ ਇਨ੍ਹਾਂ ਨੂੰ ਮਨਜ਼ੂਰੀ ਦਿਤੀ ਗਈ। 5 ਅਗੱਸਤ ਨੂੰ ਸਦਨ ਨੇ ਕੇਂਦਰੀ ਬਜਟ ਨਾਲ ਜੁੜੇ ਵਿਨਿਯੋਜਨ ਬਿਲ 2024 ਨੂੰ ਮਨਜ਼ੂਰੀ ਦੇ ਦਿਤੀ ਸੀ। ਇਸ ਤੋਂ ਇਲਾਵਾ ਲੋਕ ਸਭਾ ਦੇ ਇਸ ਸੈਸ਼ਨ ’ਚ ਵਿੱਤ ਬਿਲ 2024, ਜੰਮੂ-ਕਸ਼ਮੀਰ ਵਿਨਿਯੋਜਨ ਬਿਲ 2024 ਅਤੇ ਭਾਰਤੀ ਜਹਾਜ਼ ਬਿਲ 2024 ਪਾਸ ਕੀਤੇ ਗਏ।
ਸਪੀਕਰ ਬਿਰਲਾ ਨੇ ਸਦਨ ਨੂੰ ਦਸਿਆ ਕਿ ਇਸ ਸੈਸ਼ਨ ’ਚ 12 ਸਰਕਾਰੀ ਬਿਲ ਪੇਸ਼ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੇ ਸਿਫ਼ਰ ਕਾਲ ਦੌਰਾਨ 86 ਪ੍ਰਸ਼ਨਾਂ ਦੇ ਜਵਾਬ ਦਿਤੇ ਅਤੇ ਜਨਤਕ ਮਹੱਤਤਾ ਦੇ 400 ਵਿਸ਼ੇ ਉਠਾਏ ਗਏ।
22 ਜੁਲਾਈ ਨੂੰ ਓਲੰਪਿਕ ਖੇਡਾਂ ਲਈ ਭਾਰਤ ਦੀ ਤਿਆਰੀ ਨੂੰ ਲੈ ਕੇ ਨਿਯਮ 193 ਤਹਿਤ ਥੋੜ੍ਹੀ ਮਿਆਦ ਦੀ ਚਰਚਾ ਕੀਤੀ ਗਈ ਸੀ ਅਤੇ 31 ਜੁਲਾਈ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜ਼ਮੀਨ ਖਿਸਕਣ ਕਾਰਨ ਜਾਨ-ਮਾਲ ਦੇ ਨੁਕਸਾਨ ਦੇ ਮੁੱਦੇ ’ਤੇ ਨਿਯਮ 197 ਤਹਿਤ ਧਿਆਨ ਦਿਵਾਉਣ ਦਾ ਮਤਾ ਪੇਸ਼ ਕੀਤਾ ਗਿਆ ਸੀ। ਲੋਕ ਸਭਾ ’ਚ 65 ਪ੍ਰਾਈਵੇਟ ਮੈਂਬਰ ਬਿਲ ਵੀ ਪੇਸ਼ ਕੀਤੇ ਗਏ।
26 ਜੁਲਾਈ ਨੂੰ ਕਾਂਗਰਸ ਮੈਂਬਰ ਸ਼ਫੀ ਪਰਮਬਿਲ ਵਲੋਂ ਹਵਾਈ ਕਿਰਾਏ ਨੂੰ ਨਿਯਮਤ ਕਰਨ ਦੇ ਉਪਾਵਾਂ ਨਾਲ ਸਬੰਧਤ ਇਕ ਪ੍ਰਾਈਵੇਟ ਮੈਂਬਰ ਬਿਲ ਨੂੰ ਸਦਨ ’ਚ ਚਰਚਾ ਲਈ ਲਿਆਂਦਾ ਗਿਆ ਸੀ। ਵਿਚਾਰ-ਵਟਾਂਦਰਾ ਬੇਸਿੱਟਾ ਰਿਹਾ। ਲੋਕ ਸਭਾ ’ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੰਗਲਾਦੇਸ਼ ’ਚ ਅਸਥਿਰਤਾ ਦੀ ਸਥਿਤੀ ’ਤੇ ਬਿਆਨ ਦਿਤੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ਤੋਂ ਅਯੋਗ ਕਰਾਰ ਦਿਤੇ ਜਾਣ ਦੇ ਮੁੱਦੇ ’ਤੇ ਬਿਆਨ ਦਿਤੇ।
ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਨਵੀਂ ਦਿੱਲੀ: ਰਾਜ ਸਭਾ ਦਾ 265ਵਾਂ ਸੈਸ਼ਨ ਸ਼ੁਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ। ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 3:30 ਵਜੇ ਸ਼ੁਰੂ ਹੋਈ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਕੁੱਝ ਜ਼ਰੂਰੀ ਕੰਮ ਕਾਜ ਪੂਰਾ ਕਰਨ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ।
ਇਸ ਤੋਂ ਪਹਿਲਾਂ ਉੱਚ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕੀਤੀ ਗਈ ਸੀ। ਸਦਨ ’ਚ ਪ੍ਰਸ਼ਨ ਕਾਲ ਤੋਂ ਠੀਕ ਪਹਿਲਾਂ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਵਿਚਾਲੇ ਵੱਖ-ਵੱਖ ਮੁੱਦਿਆਂ ’ਤੇ ਵਿਵਾਦ ਹੋ ਗਿਆ, ਜਿਸ ਕਾਰਨ ਪ੍ਰਸ਼ਨ ਕਾਲ ਨਹੀਂ ਹੋ ਸਕਿਆ। ਇਸ ਦੌਰਾਨ ਚੇਅਰਮੈਨ ਧਨਖੜ ਅਤੇ ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਵਿਚਾਲੇ ਤਿੱਖੀ ਬਹਿਸ ਹੋ ਗਈ।
ਦੁਪਹਿਰ 2 ਵਜੇ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੁੰਦੇ ਹੀ ਉਪ ਚੇਅਰਮੈਨ ਹਰੀਵੰਸ਼ ਨੇ ਬਿਨਾਂ ਕੋਈ ਕਾਰਨ ਦੱਸੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿਤੀ । ਇਸ ਤੋਂ ਬਾਅਦ ਉਨ੍ਹਾਂ ਨੇ ਮੀਟਿੰਗ ਦੁਪਹਿਰ 3 ਵਜੇ ਤਕ ਅਤੇ ਫਿਰ ਦੁਪਹਿਰ 3.30 ਵਜੇ ਤਕ ਮੁਲਤਵੀ ਕਰ ਦਿਤੀ ।
ਇਸ ਸੈਸ਼ਨ ’ਚ ਬਜਟ ਤੋਂ ਇਲਾਵਾ ਵਿਨਿਯੋਜਨ ਬਿਲ ਅਤੇ ਵਿੱਤ ਬਿਲ ’ਤੇ ਚਰਚਾ ਹੋਈ। ਇਸ ਦੇ ਨਾਲ ਹੀ ਤਿੰਨਾਂ ਮੰਤਰਾਲਿਆਂ ਦੇ ਕੰਮਕਾਜ ’ਤੇ ਵੀ ਚਰਚਾ ਹੋਈ, ਜਦਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਗੁਆਂਢੀ ਬੰਗਲਾਦੇਸ਼ ਦੀ ਸਥਿਤੀ ਨੂੰ ਲੈ ਕੇ ਸਦਨ ’ਚ ਬਿਆਨ ਦਿਤਾ।