ਕਿਹਾ, ਵਿਰੋਧੀ ਧਿਰ ਚਾਹੁੰਦੀ ਹੈ ਕਿ ਸਦਨ ਨਿਯਮਾਂ ਅਤੇ ਰਵਾਇਤਾਂ ਅਨੁਸਾਰ ਚੱਲੇ ਅਤੇ ਮੈਂਬਰਾਂ ਵਿਰੁਧ ਨਿੱਜੀ ਟਿਪਣੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ।
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਅਹੁਦੇ ਤੋਂ ‘ਹਟਾਉਣ’ ਲਈ ਸੰਵਿਧਾਨ ਦੀ ਧਾਰਾ 67 ਦੇ ਤਹਿਤ ਮਤਾ ਲਿਆਉਣ ਲਈ ਨੋਟਿਸ ਲਿਆਉਣ ’ਤੇ ਵਿਚਾਰ ਕਰ ਰਹੀਆਂ ਹਨ। ਸੂਤਰਾਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਇਹ ਵੀ ਦਸਿਆ ਕਿ 87 ਸੰਸਦ ਮੈਂਬਰਾਂ ਨੇ ਇਸ ਨੋਟਿਸ ’ਤੇ ਦਸਤਖਤ ਕੀਤੇ ਹਨ।
ਧਾਰਾ 67 (ਬੀ) ਦੇ ਤਹਿਤ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਸਾਰੇ ਤਤਕਾਲੀ ਮੈਂਬਰਾਂ ਦੇ ਬਹੁਮਤ ਨਾਲ ਪਾਸ ਕੀਤੇ ਅਤੇ ਲੋਕ ਸਭਾ ਦੀ ਸਹਿਮਤੀ ਵਾਲੇ ਇਕ ਮਤੇ ਰਾਹੀਂ ਉਨ੍ਹਾਂ ਦੇ ਦਫ਼ਤਰ ਨੂੰ ਹਟਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਧਾਰਾ ਦੇ ਉਦੇਸ਼ ਲਈ ਕੋਈ ਮਤਾ ਪੇਸ਼ ਨਹੀਂ ਕੀਤਾ ਜਾਵੇਗਾ ਜਦੋਂ ਤਕ ਕਿ ਮਤਾ ਪੇਸ਼ ਕਰਨ ਦੇ ਇਰਾਦੇ ਨਾਲ ਘੱਟੋ-ਘੱਟ 14 ਦਿਨਾਂ ਦਾ ਨੋਟਿਸ ਨਹੀਂ ਦਿਤਾ ਜਾਂਦਾ।
ਵਿਰੋਧੀ ਧਿਰ ਦੇ ਇਕ ਸੂਤਰ ਨੇ ਦਸਿਆ ਕਿ ਦੋ ਦਿਨ ਪਹਿਲਾਂ ਰਾਜ ਸਭਾ ’ਚ ਸਦਨ ਦੇ ਨੇਤਾ ਜੇ.ਪੀ. ਨੱਢਾ ਨੂੰ ਗੈਰ ਰਸਮੀ ਤੌਰ ’ਤੇ ਸੂਚਿਤ ਕੀਤਾ ਗਿਆ ਸੀ ਕਿ ਵਿਰੋਧੀ ਧਿਰ ਧਨਖੜ ਨੂੰ ਹਟਾਉਣ ਲਈ ਮਤਾ ਲਿਆਉਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਲਈ ਇਹ ਗੱਲ ਬਹੁਤ ਚਿੰਤਾਜਨਕ ਹੈ ਕਿ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦਾ ਮਾਈਕ ਵਾਰ-ਵਾਰ ਬੰਦ ਕੀਤਾ ਜਾਂਦਾ ਹੈ।
ਸੂਤਰ ਨੇ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਸਦਨ ਨਿਯਮਾਂ ਅਤੇ ਰਵਾਇਤਾਂ ਅਨੁਸਾਰ ਚੱਲੇ ਅਤੇ ਮੈਂਬਰਾਂ ਵਿਰੁਧ ਨਿੱਜੀ ਟਿਪਣੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ। ਕਾਂਗਰਸ ਅਤੇ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਕਈ ਹੋਰ ਭਾਈਵਾਲਾਂ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਰਾਜ ਸਭਾ ’ਚ ਚੇਅਰਮੈਨ ਜਗਦੀਪ ਧਨਖੜ ਦਾ ਰਵੱਈਆ ਪੱਖਪਾਤੀ ਜਾਪਦਾ ਹੈ ਅਤੇ ਸ਼ਰਤ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਬੋਲਣ ਦੀ ਇਜਾਜ਼ਤ ਨਾ ਦਿਤੀ ਜਾਵੇ ਅਤੇ ਉਨ੍ਹਾਂ ਦਾ ਮਾਈਕ ਬੰਦ ਕਰ ਦਿਤਾ ਜਾਵੇ।
ਧਨਖੜ ਦਾ ਰਵੱਈਆ ਪੱਖਪਾਤੀ, ਵਿਰੋਧੀ ਧਿਰ ਦੇ ਨੇਤਾ ਦਾ ਮਾਈਕ ਬੰਦ ਕਰ ਦਿਤਾ ਜਾਂਦੈ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦਾ ਰਵੱਈਆ ਪੱਖਪਾਤੀ ਜਾਪਦਾ ਹੈ ਅਤੇ ਹਾਲਤ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ ਅਤੇ ਉਨ੍ਹਾਂ ਦਾ ਮਾਈਕ ਬੰਦ ਕਰ ਦਿਤਾ ਜਾਂਦਾ ਹੈ।
ਸਦਨ ’ਚ ਪਾਰਟੀ ਦੇ ਉਪ ਨੇਤਾ ਪ੍ਰਮੋਦ ਤਿਵਾੜੀ ਨੇ ਇਹ ਵੀ ਕਿਹਾ ਕਿ ਸਦਨ ਦੇ ਅੰਦਰ ਸਰਕਾਰ ਵਲੋਂ (ਵਿਰੋਧੀ ਧਿਰ ਦੇ ਵਿਵਹਾਰ ਵਿਰੁਧ) ਨਿੰਦਾ ਦਾ ਮਤਾ ਪੇਸ਼ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਮੋਦੀ ਸਰਕਾਰ ਦਾ ਰਵੱਈਆ ਤਾਨਾਸ਼ਾਹੀ ਹੈ।
ਖੜਗੇ ਬਾਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਘਣਸ਼ਿਆਮ ਤਿਵਾੜੀ ਦੀ ਟਿਪਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਭਾਜਪਾ ਮੈਂਬਰ ਘਣਸ਼ਿਆਮ ਤਿਵਾੜੀ ਵਲੋਂ ਵਿਰੋਧੀ ਧਿਰ ਦੇ ਨੇਤਾ ਲਈ ਚੁਣੇ ਗਏ ਸ਼ਬਦ ਚੰਗੇ ਨਹੀਂ ਸਨ। ਨਾ ਤਾਂ ਸਰੀਰਕ ਭਾਸ਼ਾ ਚੰਗੀ ਸੀ ਅਤੇ ਨਾ ਹੀ ਸੁਰ ਚੰਗੀ ਸੀ। ਇਹ ਘਿਨਾਉਣਾ ਅਤੇ ਅਸਵੀਕਾਰਯੋਗ ਹੈ। ਇਸ ’ਤੇ ਵਿਰੋਧੀ ਧਿਰ ਦੇ ਨੇਤਾ ਵਲੋਂ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਦਿਤਾ ਗਿਆ ਸੀ।’’
ਉਨ੍ਹਾਂ ਕਿਹਾ, ‘‘ਇਸ ਮਾਮਲੇ ’ਚ ਕਿਹਾ ਗਿਆ ਸੀ ਕਿ ਤਿਵਾੜੀ ਨੇ ਚੈਂਬਰ ’ਚ ਕਿਹਾ ਸੀ ਕਿ ਜੋ ਗਲਤ ਹੋਇਆ ਉਸ ਲਈ ਮੈਂ ਮੁਆਫੀ ਮੰਗਣ ਲਈ ਤਿਆਰ ਹਾਂ। ਅਸੀਂ ਚਾਹੁੰਦੇ ਸੀ ਕਿ ਤਿਵਾੜੀ ਸਦਨ ’ਚ ਵੀ ਇਹੀ ਗੱਲ ਕਹਿਣ। ਜਯਾ ਬੱਚਨ ਵਲੋਂ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਸਰਕਾਰ ਨੇ ਨਿੰਦਾ ਮਤਾ ਪੇਸ਼ ਕੀਤਾ ਸੀ।’’
ਸ਼ੁਕਰਵਾਰ ਨੂੰ ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਰਾਜ ਸਭਾ ’ਚ ਚੇਅਰਮੈਨ ਜਗਦੀਪ ਧਨਖੜ ਦੇ ਭਾਸ਼ਣ ਦੇ ਲਹਿਜੇ ’ਤੇ ਇਤਰਾਜ਼ ਪ੍ਰਗਟਾਇਆ, ਜਿਸ ਤੋਂ ਬਾਅਦ ਸਦਨ ’ਚ ਹੰਗਾਮਾ ਹੋਇਆ। ਚੇਅਰਮੈਨ ਨੇ ਵਿਰੋਧੀ ਧਿਰ ਨੂੰ ਸਨਮਾਨਜਨਕ ਤਰੀਕੇ ਨਾਲ ਵਿਵਹਾਰ ਕਰਨ ਲਈ ਕਿਹਾ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਹ ਦੋਸ਼ ਲਗਾਉਂਦੇ ਹੋਏ ਸਦਨ ਤੋਂ ਵਾਕਆਊਟ ਕਰ ਦਿਤਾ ਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿਤੀ ਗਈ।
ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਨੇ ਕਿਹਾ ਕਿ ਅੱਜ ਰਾਜ ਸਭਾ ’ਚ ਜੋ ਕੁੱਝ ਵੀ ਹੋਇਆ, ਉਹ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ, ‘‘ਸਾਰੀਆਂ ਵਿਰੋਧੀ ਪਾਰਟੀਆਂ ਨੇ ਮਹਿਸੂਸ ਕੀਤਾ ਕਿ ਚੇਅਰਮੈਨ ਦਾ ਰਵੱਈਆ ਪੱਖਪਾਤੀ ਸੀ। ਰਾਜ ਸਭਾ ਇਕ ਮਾਪਦੰਡ ਨਿਰਧਾਰਤ ਕਰਦੀ ਹੈ ਕਿ ਸਾਰੇ ਸਦਨਾਂ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ ’ਚ ਚੇਅਰਮੈਨ ਨੂੰ ਉੱਥੇ ਕਿਸੇ ਵੀ ਧਿਰ ਦਾ ਸਮਰਥਨ ਨਹੀਂ ਕਰਨਾ ਚਾਹੀਦਾ।’’ ਉਨ੍ਹਾਂ ਕਿਹਾ ਕਿ ਜੇਕਰ ਸਦਨ ਦੇ ਅੰਦਰ ਵਿਰੋਧੀ ਧਿਰ ਦੀ ਆਵਾਜ਼ ਨਹੀਂ ਗੂੰਜੇਗੀ ਤਾਂ ਲੋਕਤੰਤਰ ਕਿਵੇਂ ਕੰਮ ਕਰੇਗਾ।
ਧਨਖੜ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਸਦਨ ਤੋਂ ਵਾਕਆਊਟ ਕਰਨ ’ਤੇ ਅਫਸੋਸ ਪ੍ਰਗਟਾਇਆ
ਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸ਼ੁਕਰਵਾਰ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਦੇ ਸਦਨ ਤੋਂ ਵਾਕਆਊਟ ਕਰਨ ’ਤੇ ਅਫਸੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਡੂੰਘਾਈ ਨਾਲ ਆਤਮ-ਨਿਰੀਖਣ ਕਰਨਾ ਚਾਹੀਦਾ ਹੈ। ਚੇਅਰਮੈਨ ਨੇ ਕਿਹਾ, ‘‘ਅੱਜ ਸਦਨ ’ਚ ਜੋ ਦ੍ਰਿਸ਼ ਵਾਪਰਿਆ, ਉਸ ਨੂੰ ਪੂਰਾ ਸਦਨ ਗਵਾਹ ਰਿਹਾ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਸਮੇਤ ਸਮੇਤ ਸੱਭ ਤੋਂ ਸੀਨੀਅਰ ਮੈਂਬਰਾਂ ਨੇ ਇਸ ਸਬੰਧ ’ਚ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ।’’
ਉਨ੍ਹਾਂ ਕਿਹਾ, ‘‘ਮੈਂ ਇਸ ਨੂੰ ਧਿਆਨ ਵਿਚ ਰਖਦੇ ਹੋਏ ਸਦਨ ਦੀ ਕਾਰਵਾਈ ਮੁਲਤਵੀ ਕਰ ਦਿਤੀ ਹੈ ਤਾਂ ਜੋ ਸਦਨ ਉਦੋਂ ਹੀ ਬਿਹਤਰ ਢੰਗ ਨਾਲ ਕੰਮ ਕਰ ਸਕੇ ਜਦੋਂ ਸਾਰੇ ਮੈਂਬਰ ਮੌਜੂਦ ਹੋਣ। ਸਦਨ ਦੇ ਹਰ ਮੈਂਬਰ ਨੇ ਸੰਵਿਧਾਨ ਦੇ ਤਹਿਤ ਸਹੁੰ ਚੁਕੀ ਹੈ ਅਤੇ ਉਸ ਨੂੰ ਵਿਆਪਕ ਜਨਤਕ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਦਕਿਸਮਤੀ ਨਾਲ, ਤਿੰਨਾਂ ਵਿਚਾਰਾਂ ਨੂੰ ਉਮੀਦ ਅਨੁਸਾਰ ਹੁੰਗਾਰਾ ਨਹੀਂ ਮਿਲਿਆ।’’
ਉਨ੍ਹਾਂ ਕਿਹਾ, ‘‘ਜਦੋਂ ਸਦਨ ਮੁਲਤਵੀ ਕੀਤਾ ਗਿਆ ਤਾਂ ਮੈਨੂੰ ਵੱਖ-ਵੱਖ ਟੀ.ਵੀ. ਚੈਨਲਾਂ ’ਤੇ ਮੈਂਬਰਾਂ ਦੀ ਪ੍ਰਤੀਕਿਰਿਆ ਵੇਖਣ ਦਾ ਮੌਕਾ ਮਿਲਿਆ। ਮੈਂ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਇਸ ਸੰਸਥਾ ਦੇ ਸਤਿਕਾਰ ਵਜੋਂ, ਇਸ ਸਦਨ ਦੇ ਹਰ ਮੈਂਬਰ ਦੀ ਇੱਜ਼ਤ ਦਾ ਸਤਿਕਾਰ ਕਰਦੇ ਹੋਏ, ਮੈਂ ਇਹ ਯਕੀਨੀ ਬਣਾਉਣ ਲਈ ਪੂਰਾ ਧਿਆਨ ਰੱਖਿਆ ਹੈ ਕਿ ਅਜਿਹਾ ਵਿਵਹਾਰ, ਵਿਵਹਾਰ ਜੋ ਸੰਸਦ ਮੈਂਬਰ ਦੇ ਅਨੁਕੂਲ ਨਾ ਹੋਵੇ, ਲੋਕਤੰਤਰ ਦੇ ਮੰਦਰ ਤੋਂ ਬਾਹਰ ਨਾ ਜਾਵੇ।’’
ਉਨ੍ਹਾਂ ਕਿਹਾ ਕਿ ਉਹ ਹਰ ਮੈਂਬਰ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਨਿੱਜੀ ਮੁੱਦਾ ਨਹੀਂ ਹੈ, ਉਹ ਬਿਨਾਂ ਕਿਸੇ ਆਧਾਰ ਤੋਂ ਸੰਜਮਹੀਣ ਭਾਸ਼ਾ ਤੋਂ ਬਹੁਤ ਦੁਖੀ ਹਨ।
ਰਾਜ ਸਭਾ ’ਚ ਇਕ ਵਾਰ ਫਿਰ ਧਨਖੜ ਅਤੇ ਤੇ ਜਯਾ ਬੱਚਨ ਵਿਚਾਲੇ ਹੋਈ ਝੜਪ
ਜਯਾ ਬੱਚਨ ਨੇ ਚੇਅਰ ਦੇ ਲਹਿਜ਼ੇ ’ਤੇ ਇਤਰਾਜ਼ ਪ੍ਰਗਟਾਇਆ, ਅੱਗੋਂ ਮਿਲੀ ਸਦਨ ਦੀ ਇੱਜ਼ਤ ਬਣਾਈ ਰੱਖਣ ਦੀ ਸਲਾਹ ਮਿਲੀ
ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਸ਼ੁਕਰਵਾਰ ਨੂੰ ਚੇਅਰਮੈਨ ਜਗਦੀਪ ਧਨਖੜ ਦੇ ਭਾਸ਼ਣ ਦੇ ਲਹਿਜੇ ’ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਬਹਿਸ ਹੋ ਗਈ। ਚੇਅਰਮੈਨ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਵਰਗੀ ਮਸ਼ਹੂਰ ਹਸਤੀ ਨੂੰ ਵੀ ਸ਼ਿਸ਼ਟਾਚਾਰ ਦਾ ਪਾਲਣ ਕਰਨ ਦ ਜ਼ਰੂਰਤ ਹੈ।
ਚੇਅਰਮੈਨ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਦੀ ਇੱਜ਼ਤ ਬਣਾਈ ਰੱਖਣ ਦੀ ਅਪੀਲ ਕੀਤੀ, ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿਤੀ ਗਈ।
ਬਾਅਦ ’ਚ ਸੰਸਦ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਯਾ ਬੱਚਨ ਨੇ ਕਿਹਾ ਕਿ ਉਹ ਸਪੀਕਰ ਦੇ ਬੋਲਣ ਦੇ ਲਹਿਜ਼ੇ ਤੋਂ ਨਾਰਾਜ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਦਾ ਮਾਈਕ ਬੰਦ ਸੀ ਅਤੇ ਇਸ ਤੋਂ ਉਹ (ਜਯਾ) ਨਾਰਾਜ਼ ਹਨ।
ਸਦਨ ’ਚ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਮਾਜਵਾਦੀ ਪਾਰਟੀ ਦੇ ਮੈਂਬਰ ਕੁੱਝ ਦਿਨ ਪਹਿਲਾਂ ਖੜਗੇ ’ਤੇ ਭਾਜਪਾ ਦੇ ਘਣਸ਼ਿਆਮ ਤਿਵਾੜੀ ਵਲੋਂ ਕੀਤੀ ਗਈ ਕੁੱਝ ਟਿਪਣੀਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਚੇਅਰਮੈਨ ਵਿਚਾਲੇ ਹੋਈ ਤਿੱਖੀ ਬਹਿਸ ’ਤੇ ਬੋਲਣਾ ਚਾਹੁੰਦੇ ਸਨ। ਧਨਖੜ ਨੇ ਉਨ੍ਹਾਂ ਨੂੰ ਇਜਾਜ਼ਤ ਦਿੰਦਿਆਂ ਕਿਹਾ, ‘‘ਜਯਾ ਅਮਿਤਾਭ ਬੱਚਨ ਅਪਣੀ ਗੱਲ ਰੱਖਣ।’’
ਜਯਾ ਨੇ ਕਿਹਾ, ‘‘ਮੈਂ ਇਕ ਕਲਾਕਾਰ ਹਾਂ, ਮੈਂ ਸਰੀਰਕ ਭਾਸ਼ਾ ਨੂੰ ਸਮਝਦੀ ਹਾਂ, ਮੈਂ ਐਕਸਪ੍ਰੈਸ਼ਨ ਨੂੰ ਸਮਝਦੀ ਹਾਂ। ਅਤੇ, ਮੈਨੂੰ ਅਫਸੋਸ ਹੈ, ਸਰ ਪਰ ਤੁਹਾਡਾ ਲਹਿਜ਼ਾ ਮਨਜ਼ੂਰ ਨਹੀਂ ਹੈ। ਅਸੀਂ ਸਹਿਯੋਗੀ ਹਾਂ, ਤੁਸੀਂ ਅਹੁਦਿਆਂ ’ਤੇ ਹੋ ਸਕਦੇ ਹੋ... ਮੈਨੂੰ ਯਾਦ ਹੈ ਅਪਣੇ ਸਕੂਲ ਦੇ...।’’
ਜਯਾ ਅਪਣੀ ਗੱਲ ਪੂਰੀ ਨਹੀਂ ਕਰ ਸਕੀ ਅਤੇ ਚੇਅਰਮੈਨ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ। ਚੇਅਰਮੈਨ ਨੇ ਕਿਹਾ, ‘‘ਜਯਾ ਜੀ ਤੁਸੀਂ ਬਹੁਤ ਪ੍ਰਸਿੱਧੀ ਕਮਾਈ ਹੈ। ਤੁਸੀਂ ਜਾਣਦੇ ਹੋ ਕਿ ਅਦਾਕਾਰ ਨਿਰਦੇਸ਼ਕ ਦੇ ਕਹਿਣ ਅਨੁਸਾਰ ਕੰਮ ਕਰਦਾ ਹੈ। ਤੁਸੀਂ ਉਹ ਨਹੀਂ ਵੇਖਦੇ ਜੋ ਮੈਂ ਇੱਥੋਂ ਵੇਖਦਾ ਹਾਂ। ਹਰ ਰੋਜ਼... ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਮੈਨੂੰ ਨਸੀਹਤਾਂ ਨਾ ਦਿਉ। ਮੈਂ ਉਹ ਵਿਅਕਤੀ ਹਾਂ ਜੋ ‘ਆਊਟ ਆਫ਼ ਦ ਵੇਅ’ ਗਿਆ। ਅਤੇ ਤੁਸੀਂ ਕਹਿੰਦੇ ਹੋ ਕਿ ਮੇਰਾ ਲਹਿਜ਼ਾ...।’’
ਇਸ ਦੌਰਾਨ ਜਯਾ ਕੁੱਝ ਕਹਿਣਾ ਚਾਹੁੰਦੀ ਸੀ ਪਰ ਚੇਅਰਮੈਨ ਨੇ ਉਨ੍ਹਾਂ ਨੂੰ ਰੋਕਿਆ ਅਤੇ ਸਖਤ ਲਹਿਜੇ ’ਚ ਕਿਹਾ, ‘‘ਬਹੁਤ ਹੋ ਗਿਆ। ਤੁਸੀਂ ਜੋ ਵੀ ਹੋ, ਭਾਵੇਂ ਤੁਸੀਂ ਇਕ ਮਸ਼ਹੂਰ ਹਸਤੀ ਹੋ ਸਕਦੇ ਹੋ, ਤੁਹਾਨੂੰ ਸ਼ਿਸ਼ਟਾਚਾਰ ਨੂੰ ਸਮਝਣਾ ਪਵੇਗਾ। ਮੈਂ ਬਰਦਾਸ਼ਤ ਨਹੀਂ ਕਹਾਂਗਾ। ਕਦੇ ਵੀ ਇਹ ਵਿਖਾਵਾ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਪ੍ਰਸਿੱਧੀ ਕਮਾਈ ਹੈ। ਅਸੀਂ ਸਾਰੇ ਪ੍ਰਸਿੱਧੀ ਕਮਾ ਕੇ ਇੱਥੇ ਇੱਜ਼ਤ ਨਾਲ ਆਏ ਹਾਂ।’’
ਸਦਨ ’ਚ ਮੌਜੂਦ ਵਿਰੋਧੀ ਧਿਰ ਦੇ ਇਕ ਮੈਂਬਰ ਨੇ ਇਤਰਾਜ਼ ਪ੍ਰਗਟਾਇਆ ਅਤੇ ਕਿਹਾ ਕਿ ਉਹ (ਜਯਾ) ਕੋਈ ਸੈਲੀਬ੍ਰਿਟੀ ਨਹੀਂ ਬਲਕਿ ਸਦਨ ’ਚ ਸੀਨੀਅਰ ਮੈਂਬਰ ਹਨ। ਇਸ ’ਤੇ ਚੇਅਰਮੈਨ ਨੇ ਪੁਛਿਆ ਕਿ ਕੀ ਸੰਸਦ ਦੇ ਕਿਸੇ ਸੀਨੀਅਰ ਮੈਂਬਰ ਕੋਲ ਚੇਅਰ ਦੀ ਇੱਜ਼ਤ ਘਟਾਉਣ ਦਾ ਲਾਇਸੈਂਸ ਹੁੰਦਾ ਹੈ।
ਚੇਅਰਮੈਨ ਨੇ ਮੈਂਬਰਾਂ ਵਲੋਂ ਉਨ੍ਹਾਂ ਦੇ ਲਹਿਜ਼ੇ, ਉਨ੍ਹਾਂ ਦੀ ਆਦਤ, ਉਨ੍ਹਾਂ ਦੇ ਸੁਭਾਅ ਬਾਰੇ ਕੀਤੀਆਂ ਟਿਪਣੀਆਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਕਿਸੇ ਦੀ ਗੱਲ ਨਹੀਂ ਮੰਨਣਗੇ, ਸਗੋਂ ਸਦਨ ਦੇ ਨਿਯਮਾਂ ਅਨੁਸਾਰ ਚੱਲਣਗੇ।
ਜਯਾ ਬੱਚਨ ਕੁੱਝ ਕਹਿਣਾ ਚਾਹੁੰਦੀ ਸੀ ਪਰ ਚੇਅਰਮੈਨ ਨੇ ਉਸ ਨੂੰ ਇਜਾਜ਼ਤ ਨਹੀਂ ਦਿਤੀ। ਇਸ ਦੌਰਾਨ ਜਦੋਂ ਖੜਗੇ ਨੇ ਅਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਚੇਅਰਮੈਨ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਦਾ ਬਹੁਤ ਸਤਿਕਾਰ ਕਰਦੇ ਹਨ। ਧਨਖੜ ਨੇ ਅੱਗੇ ਕਿਹਾ ਕਿ ਉਹ ਸਦਨ ਨੂੰ ‘ਅਸ਼ਾਂਤੀ ਦਾ ਕੇਂਦਰ’ ਬਣਨ ਦੀ ਇਜਾਜ਼ਤ ਨਹੀਂ ਦੇ ਸਕਦੇ। ਬੱਚਨ ਨੇ ਬਾਅਦ ’ਚ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਚੇਅਰ ਵਲੋਂ ਵਰਤੇ ਗਏ ਲਹਿਜ਼ੇ ’ਤੇ ‘ਇਤਰਾਜ਼’ ਹਨ।
ਉਨ੍ਹਾਂ ਕਿਹਾ, ‘‘ਅਸੀਂ ਸਕੂਲੀ ਬੱਚੇ ਨਹੀਂ ਹਾਂ। ਸਾਡੇ ’ਚੋਂ ਕੁੱਝ ਬਜ਼ੁਰਗ ਨਾਗਰਿਕ ਹਨ। ਮੈਂ ਉਨ੍ਹਾਂ ਦੇ ਲਹਿਜ਼ੇ ਤੋਂ ਪਰੇਸ਼ਾਨ ਸੀ ਅਤੇ ਮਾਈਕ ਬੰਦ ਸੀ, ਖ਼ਾਸਕਰ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਣ ਲਈ ਖੜੇ ਹੋਏ। ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ ਇਹ ਪਰੰਪਰਾ ਦੇ ਵਿਰੁਧ ਹੈ। ਤੁਹਾਨੂੰ ਨੇਤਾ ਨੂੰ ਬੋਲਣ ਦੀ ਇਜਾਜ਼ਤ ਦੇਣੀ ਪਵੇਗੀ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਬੈਂਚਾਂ ’ਤੇ ਬੈਠੇ ਮੈਂਬਰ ‘ਦਿਮਾਗ ਰਹਿਤ’ ਵਰਗੇ ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਕਰਦੇ ਹਨ।