
ਅੱਗ ਬੁਝਾਉਣ ਲਈ ਪੰਜ ਫਾਇਰ ਬ੍ਰਿਗੇਡ ਗੱਡੀਆਂ ਦੀ ਵਰਤੋਂ ਕੀਤੀ ਗਈ।
ਮੇਦੀਨੀਨਗਰ: ਝਾਰਖੰਡ ਦੇ ਪਲਾਮੂ ਵਿਚ ਵੀਰਵਾਰ ਰਾਤ ਨੂੰ ਇੱਕ ਸ਼ੋਅਰੂਮ ਵਿੱਚ ਅੱਗ ਲੱਗਣ ਕਾਰਨ ਸ਼ੋਅਰੂਮ ਦੇ ਮਾਲਕ ਦੀ 80 ਸਾਲਾ ਮਾਂ ਦੀ ਮੌਤ ਹੋ ਗਈ ਅਤੇ ਕਰੀਬ 300 ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 11 ਵਜੇ ਮੇਦੀਨੀਨਗਰ ਸ਼ਹਿਰ ਸਥਿਤ ਸ਼ੋਅਰੂਮ 'ਚ ਵਾਪਰੀ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਲਈ ਪੰਜ ਫਾਇਰ ਬ੍ਰਿਗੇਡ ਗੱਡੀਆਂ ਦੀ ਵਰਤੋਂ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 8.30 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸਥਾਨਕ ਪੁਲਿਸ ਸਟੇਸ਼ਨ ਇੰਚਾਰਜ ਅਭੈ ਕੁਮਾਰ ਸਿਨਹਾ ਨੇ ਪੀਟੀਆਈ ਨੂੰ ਦੱਸਿਆ ਕਿ ਮਾਲਕ ਦਾ ਘਰ ਅਤੇ ਸ਼ੋਅਰੂਮ ਆਪਸ ਵਿਚ ਜੁੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜਾਨ ਗਵਾਉਣ ਵਾਲੀ ਬਜ਼ੁਰਗ ਔਰਤ ਦੀ ਪਛਾਣ ਸੰਸਥਾ ਦੇ ਮਾਲਕ ਸਤੀਸ਼ ਕੁਮਾਰ ਸਾਹੂ ਦੀ 80 ਸਾਲਾ ਮਾਂ ਵਜੋਂ ਹੋਈ ਹੈ।
ਸ਼ੋਅਰੂਮ ਦੇ ਪਿੱਛੇ ਵਾਹਨਾਂ ਦਾ ਗੋਦਾਮ ਅਤੇ ਸੇਵਾ ਕੇਂਦਰ ਵੀ ਸੀ। ਸਿਨਹਾ ਨੇ ਦੱਸਿਆ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।