
ਮੁਲਜ਼ਮ ਅਜੀਤ ਕੁਮਾਰ ਪੁਰੀ ਨੂੰ ਐਤਵਾਰ ਰਾਤ ਗੋਪਾਲਗੰਜ ਜ਼ਿਲ੍ਹੇ ਤੋਂ ਗ੍ਰਿਫਤਾਰ
ਛਪਰਾ: ਬਿਹਾਰ ਦੇ ਸਾਰਨ ਜ਼ਿਲ੍ਹੇ ’ਚ ਇਕ ‘ਝੋਲਾਛਾਪ’ ਡਾਕਟਰ ਵਲੋਂ ਯੂ-ਟਿਊਬ ਵੀਡੀਉ ਵੇਖ ਕੇ ਪਿੱਤੇ ਦੀ ਪਥਰੀ ਕੱਢਣ ਦੀ ਸਰਜਰੀ ਕੀਤੇ ਜਾਣ ਤੋਂ ਬਾਅਦ ਇਕ ਨੌਜੁਆਨ ਦੀ ਮੌਤ ਹੋ ਗਈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਸਾਰਨ ਦੇ ਪੁਲਿਸ ਸੁਪਰਡੈਂਟ ਕੁਮਾਰ ਆਸ਼ੀਸ਼ ਨੇ ਦਸਿਆ ਕਿ ਮੁਲਜ਼ਮ ਅਜੀਤ ਕੁਮਾਰ ਪੁਰੀ ਨੂੰ ਐਤਵਾਰ ਰਾਤ ਗੋਪਾਲਗੰਜ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ।
ਮ੍ਰਿਤਕ ਦੀ ਪਛਾਣ ਗੋਲੂ ਉਰਫ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ, ਜੋ ਸਾਰਨ ਜ਼ਿਲ੍ਹੇ ਦੇ ਪਿੰਡ ਭੁਆਲਪੁਰ ਦਾ ਰਹਿਣ ਵਾਲਾ ਸੀ। ਗੋਲੂ ਦੇ ਪਰਵਾਰ ਮੁਤਾਬਕ ਗੋਲੂ ਪਿਛਲੇ ਕੁੱਝ ਸਮੇਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ ਅਤੇ ਸ਼ੁਕਰਵਾਰ ਨੂੰ ਉਸ ਨੂੰ ਸਾਰਨ ਦੇ ਧਰਮਬਾਗੀ ਬਾਜ਼ਾਰ ਦੇ ਇਕ ਨਿੱਜੀ ਕਲੀਨਿਕ ’ਚ ਲਿਜਾਇਆ ਗਿਆ।
ਜ਼ਿਲ੍ਹਾ ਪੁਲਿਸ ਨੇ ਇਕ ਬਿਆਨ ’ਚ ਕਿਹਾ, ‘‘ਗੋਲੂ ਨੂੰ ਦਾਖਲ ਕਰਨ ਤੋਂ ਬਾਅਦ, ਨੀਮ-ਹਕੀਮ ਡਾਕਟਰ ਨੇ ਪਿੱਤੇ ਦੀ ਸਰਜਰੀ ਕਰਨ ਦਾ ਫੈਸਲਾ ਕੀਤਾ... ਅਤੇ ਉਸ ਦੀ ਟੀਮ ਦੇ ਮੈਂਬਰਾਂ ਨੇ ਯੂਟਿਊਬ ’ਤੇ ਵੀਡੀਉ ਵੇਖ ਕੇ ਸਰਜਰੀ ਕੀਤੀ।’’ ਇਸ ’ਚ ਕਿਹਾ, ‘‘ਸਰਜਰੀ ਤੋਂ ਬਾਅਦ ਗੋਲੂ ਦੀ ਹਾਲਤ ਵਿਗੜ ਗਈ। ਇਸ ਤੋਂ ਬਾਅਦ ਕਲੀਨਿਕ ਦਾ ਸਟਾਫ ਉਸ ਨੂੰ ਪਟਨਾ ਲੈ ਗਿਆ। 7 ਸਤੰਬਰ ਨੂੰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਪਰਵਾਰਕ ਜੀਆਂ ਦਾ ਦੋਸ਼ ਹੈ ਕਿ ਨੀਮ-ਹਕੀਮ ਡਾਕਟਰ ਨੇ ਯੂਟਿਊਬ ’ਤੇ ਵੀਡੀਉ ਵੇਖਣ ਤੋਂ ਬਾਅਦ ਸਰਜਰੀ ਕੀਤੀ।’’
ਗੋਲੂ ਦੇ ਦਾਦਾ ਪ੍ਰਹਿਲਾਦ ਪ੍ਰਸਾਦ ਨੇ ਕਿਹਾ, ‘‘ਡਾਕਟਰ ਨੇ ਮੈਨੂੰ ਡੀਜ਼ਲ ਲਿਆਉਣ ਲਈ ਭੇਜਿਆ, ਜਦਕਿ ਮੇਰੀ ਪਤਨੀ ਉੱਥੇ ਰਹੀ। ਜਦੋਂ ਮੈਂ ਵਾਪਸ ਆਇਆ, ਤਾਂ ਮੈਂ ਵੇਖਿਆ ਕਿ ਪੁਰੀ ਯੂਟਿਊਬ ’ਤੇ ਇਕ ਵੀਡੀਉ ਵੇਖ ਕੇ ਮੇਰੇ ਪੋਤੇ ਦਾ ਆਪ੍ਰੇਸ਼ਨ ਕਰ ਰਿਹਾ ਸੀ। ਉਸ ਨੇ ਪਿੱਤਾ ਕੱਢਣ ਦੀ ਸਰਜਰੀ ਲਈ ਸਾਡੀ ਇਜਾਜ਼ਤ ਵੀ ਨਹੀਂ ਲਈ। ਉਨ੍ਹਾਂ (ਕਲੀਨਿਕ ਪ੍ਰਬੰਧਨ) ਨੇ ਗੋਲੂ ਨੂੰ ਪਟਨਾ ਲਿਜਾਣ ਦਾ ਫੈਸਲਾ ਕੀਤਾ। ਅਤੇ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ।’’
ਪ੍ਰਸਾਦ ਨੇ ਕਿਹਾ, ‘‘ਗੋਲੂ ਦਾ ਦਰਦ ਸ਼ੁਕਰਵਾਰ ਨੂੰ ਇਕ ਨਿੱਜੀ ਕਲੀਨਿਕ ’ਚ ਸਰਜਰੀ ਕਰਵਾਉਣ ਤੋਂ ਬਾਅਦ ਹੋਰ ਵਿਗੜ ਗਿਆ। ਜਦੋਂ ਗੋਲੂ ਦੀ ਹਾਲਤ ਵਿਗੜਨ ਲੱਗੀ ਤਾਂ ਪੁਰੀ ਨੇ ਐਂਬੂਲੈਂਸ ਬੁਲਾਈ ਅਤੇ ਪਟਨਾ ਲਈ ਰਵਾਨਾ ਹੋ ਗਏ ਪਰ 7 ਸਤੰਬਰ ਨੂੰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਪੁਰੀ ਗੋਲੂ ਦੀ ਲਾਸ਼ ਅਤੇ ਮੇਰੀ ਪਤਨੀ ਨੂੰ ਰਸਤੇ ’ਚ ਸੜਕ ’ਤੇ ਛੱਡ ਕੇ ਭੱਜ ਗਿਆ। ਮੇਰੀ ਪਤਨੀ ਲਾਸ਼ ਵਾਪਸ ਲੈ ਆਈ।’’
ਉਸ ਨੇ ਦੋਸ਼ ਲਾਇਆ ਕਿ ਪੁਰੀ ਇਕ ਝੋਲਾਛਾਪ ਹੈ। ਪਰਵਾਰ ਨੇ 7 ਸਤੰਬਰ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਈ। ਸਾਰਨ ਦੇ ਐਸ.ਪੀ. ਨੇ ਕਿਹਾ, ‘‘ਪੁਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜ਼ਿਲ੍ਹਾ ਪੁਲਿਸ ਉਸ ਦੇ ਕਲੀਨਿਕ ਦੇ ਵਿਰੁਧ ਵੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਕਿਰਿਆ ’ਚ ਹੈ। ਜ਼ਿਲ੍ਹਾ ਪੁਲਿਸ ਨੇ ਅਜਿਹੇ ਕਲੀਨਿਕਾਂ ਦੀ ਪਛਾਣ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ।’’