
ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੂੰ 300 ਵੋਟਾਂ ਮੁਕਾਬਲੇ 452 ਵੋਟਾਂ ਪ੍ਰਾਪਤ ਕਰ ਕੇ ਹਰਾਇਆ
ਨਵੀਂ ਦਿੱਲੀ : ਐਨ.ਡੀ.ਏ. ਦੇ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਭਾਰਤ ਦਾ 15ਵਾਂ ਉਪ ਰਾਸ਼ਟਰਪਤੀ ਚੁਣਿਆ ਗਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੂੰ 300 ਵੋਟਾਂ ਮੁਕਾਬਲੇ 452 ਵੋਟਾਂ ਪ੍ਰਾਪਤ ਕਰ ਕੇ ਹਰਾ ਦਿਤਾ।
781 ਯੋਗ ਵੋਟਰਾਂ ਵਿੱਚੋਂ, 767 ਨੇ ਵੋਟ ਪਾਈ (98.2٪ ਵੋਟ) ਜਿਨ੍ਹਾਂ ਵਿਚੋਂ 752 ਵੋਟਾਂ ਵੈਧ ਅਤੇ 15 ਅਵੈਧ ਸਨ। ਐਨ.ਡੀ.ਏ. ਦੀ ਸੰਖਿਆਤਮਕ ਤਾਕਤ ਕਾਰਨ ਰਾਧਾਕ੍ਰਿਸ਼ਨਨ ਦੀ ਜਿੱਤ ਲਗਭਗ ਪੱਕੀ ਸੀ, ਪਰ ਜਿੱਤ ਦੇ ਪੈਮਾਨੇ ਨੂੰ ਵਿਰੋਧੀ ਧਿਰ ਲਈ ਝਟਕਾ ਮੰਨਿਆ ਜਾ ਰਿਹਾ ਹੈ। ਜਿੱਤ ਵਿਚ ਏਨਾ ਫ਼ਰਕ ਵਿਰੋਧੀ ਸੰਸਦ ਮੈਂਬਰਾਂ ਵਲੋਂ ਕਰਾਸ-ਵੋਟਿੰਗ ਅਤੇ ਅਵੈਧ ਵੋਟਾਂ ਕਾਰਨ ਹੋ ਸਕਦਾ ਹੈ।
ਭਾਜਪਾ ਨੇਤਾਵਾਂ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ 40 ਸੰਸਦ ਮੈਂਬਰਾਂ ਨੇ ਰਾਧਾਕ੍ਰਿਸ਼ਨਨ ਦਾ ਸਮਰਥਨ ਸਿੱਧੇ ਤੌਰ ’ਤੇ ਜਾਂ ਅਵੈਧ ਵੋਟਾਂ ਰਾਹੀਂ ਕੀਤਾ। ਇਹ ਚੋਣ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫੇ ਤੋਂ ਬਾਅਦ ਹੋਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਰਾਧਾਕ੍ਰਿਸ਼ਨਨ ਦੀ ਜੀਵਨ ਭਰ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਉਤੇ ਭਰੋਸਾ ਪ੍ਰਗਟਾਇਆ। ਰੈੱਡੀ ਨੇ ਨਤੀਜੇ ਨੂੰ ਨਿਮਰਤਾ ਨਾਲ ਸਵੀਕਾਰ ਕਰ ਲਿਆ। ਕਾਂਗਰਸ ਨੇ ਨਤੀਜੇ ਨੂੰ ਸਵੀਕਾਰ ਕੀਤਾ ਪਰ ਵਿਚਾਰਧਾਰਕ ਤੌਰ ਉਤੇ ਸੱਤਾਧਾਰੀ ਗੱਠਜੋੜ ਦਾ ਵਿਰੋਧ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।