
ਬਰਫ਼ ਦੇ ਤੋਦੇ 12,000 ਫੁੱਟ ਉੱਚੇ ਸਿਆਚਿਨ ਬੇਸ ਕੈਂਪ ਖੇਤਰ ’ਚ ਡਿੱਗੇ
ਲੇਹ : ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ’ਚ ਦੁਨੀਆਂ ਦੇ ਸੱਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ’ਚ ਬਰਫ਼ ਦੇ ਤੋਦੇ ਡਿੱਗਣ ’ਚ ਤਿੰਨ ਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਇਹ ਤੋਦੇ 12,000 ਫੁੱਟ ਉੱਚੇ ਸਿਆਚਿਨ ਬੇਸ ਕੈਂਪ ਖੇਤਰ ’ਚ ਡਿੱਗੇ, ਜਿਸ ’ਚ ਦੋ ਅਗਨੀਵੀਰਾਂ ਸਮੇਤ ਤਿੰਨ ਜਵਾਨ ਫਸ ਗਏ। ਉਨ੍ਹਾਂ ਨੇ ਕਿਹਾ ਕਿ ਤੁਰਤ ਬਚਾਅ ਮੁਹਿੰਮ ਸ਼ੁਰੂ ਕਰ ਦਿਤੀ ਗਈ ਅਤੇ ਮੰਗਲਵਾਰ ਨੂੰ ਫਸੇ ਫ਼ੌਜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਲੇਹ ਸਥਿਤ ਫਾਇਰ ਐਂਡ ਫਿਊਰੀ ਕੋਰ ਨੇ ਮ੍ਰਿਤਕਾਂ ਦੀ ਪਛਾਣ ਸਿਪਾਹੀ ਮੋਹਿਤ ਕੁਮਾਰ, ਅਗਨੀਵੀਰ ਨੀਰਜ ਕੁਮਾਰ ਚੌਧਰੀ ਅਤੇ ਦਭੀ ਰਾਕੇਸ਼ ਦੇਵਭਾਈ ਵਜੋਂ ਕੀਤੀ ਹੈ। ‘ਐਕਸ’ ਉਤੇ ਇਕ ਪੋਸਟ ’ਚ, ਫਾਇਰ ਐਂਡ ਫਿਊਰੀ ਕੋਰ ਨੇ ਫ਼ੌਜੀਆਂ ਦੇ ਬਲੀਦਾਨ ਨੂੰ ਸਲਾਮ ਕੀਤਾ ਅਤੇ ਦੁਖੀ ਪਰਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।