ਖੇਤੀਬਾੜੀ ਸੈਕਟਰ ਨੂੰ ਲੋੜੀਂਦੀ ਬਿਜਲੀ ਸਪਲਾਈ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ
ਚੰਡੀਗੜ੍ਹ: ਕੋਲ ਇੰਡੀਆ ਲਿਮਟਡ ਦੀਆਂ ਵੱਖ-ਵੱਖ ਸਹਾਇਕ ਕੰਪਨੀਆਂ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ ਦੇ ਸਮਝੌਤਿਆਂ ਮੁਤਾਬਕ ਕੋਲੇ ਦੀ ਲੋੜੀਂਦੀ ਸਪਲਾਈ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਿਰਧਾਰਤ ਕੋਟੇ ਦੇ ਮੁਤਾਬਕ ਸੂਬੇ ਲਈ ਕੋਲੇ ਦੀ ਸਪਲਾਈ ਤੁਰੰਤ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਬਿਜਲੀ ਸੰਕਟ ਉਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਲੇ ਦੇ ਭੰਡਾਰ ਘਟਣ ਕਾਰਨ ਸੂਬੇ ਦੇ ਥਰਮਲ ਪਲਾਂਟ ਬੰਦ ਹੋ ਸਕਦੇ ਹਨ ਕਿਉਂਕਿ ਅਗਲੇ ਕੁਝ ਦਿਨਾਂ ਵਿਚ ਮੌਜੂਦ ਭੰਡਾਰ ਵੀ ਖਤਮ ਹੋਣ ਦੀ ਸੰਭਾਵਨਾ ਹੈ।
ਸੂਬੇ ਦੀ ਬਿਜਲੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲੇ ਦੀ ਢੁਕਵੀਂ ਸਪਲਾਈ ਨਾ ਮਿਲਣ ਕਰਕੇ ਸਾਰੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਕਰਨ ਦੇ ਯੋਗ ਨਹੀਂ। ਹਾਲਾਂਕਿ, ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਜਿੱਥੇ ਵੀ ਝੋਨੇ ਦੀ ਫਸਲ ਪੱਕਣ ਤੱਕ ਸਿੰਜਾਈ ਲਈ ਬਿਜਲੀ ਦੀ ਲੋੜ ਹੈ, ਉਥੇ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਘਰੇਲੂ ਖਪਤਕਾਰਾਂ ਲਈ ਬਿਜਲੀ ਕੱਟ ਲਾਏ ਜਾ ਰਹੇ ਹਨ ਤਾਂ ਕਿ ਖੇਤੀਬਾੜੀ ਸੈਕਟਰ ਲਈ ਢੁਕਵੀਂ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਗਰਿੱਡ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਨੂ ਪ੍ਰਸਾਦ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿਚ ਥਰਮਲ ਪਲਾਂਟ ਕੋਲੇ ਦੀ ਕਮੀ ਅਤੇ ਕੋਲੇ ਦੀ ਸਪਲਾਈ ਦੇ ਸੰਕਟ ਵਿੱਚੋਂ ਲੰਘ ਰਹੇ ਹਨ।
ਸੂਬੇ ਵਿਚ ਪ੍ਰਾਈਵੇਟ ਬਿਜਲੀ ਨਿਰਮਾਤਾ (ਆਈ.ਪੀ.ਪੀ.) ਕੋਲ ਕੋਲੇ ਦਾ ਸਟਾਕ ਦੋ ਦਿਨ ਤੋਂ ਵੀ ਘੱਟ ਬਚਿਆ ਹੈ ਜਿਨ੍ਹਾਂ ਵਿਚ ਨਾਭਾ ਪਾਵਰ ਪਲਾਂਟ (1.9 ਦਿਨ), ਤਲਵੰਡੀ ਸਾਬੋ ਪਲਾਂਟ (1.3 ਦਿਨ), ਜੀ.ਵੀ.ਕੇ. (0.6 ਦਿਨ) ਅਤੇ ਇਹ ਲਗਾਤਾਰ ਘਟ ਰਿਹਾ ਹੈ ਕਿਉਂ ਜੋ ਕੋਲ ਇੰਡੀਆ ਲਿਮਟਡ ਵੱਲੋਂ ਲੋੜ ਮੁਤਾਬਕ ਕੋਲੇ ਦੀ ਸਪਲਾਈ ਨਹੀਂ ਕੀਤੀ ਗਈ।
ਪੀ.ਐਸ.ਪੀ.ਸੀ.ਐਲ. ਦੇ ਪਲਾਂਟ ਜਿਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਸ਼ਾਮਲ ਹਨ, ਕੋਲ ਸਿਰਫ ਦੋ ਦਿਨ ਦਾ ਸਟਾਕ ਹੈ ਅਤੇ ਰੋਜ਼ ਘਟ ਰਿਹਾ ਹੈ। ਇਨ੍ਹਾਂ ਸਾਰੇ ਪਲਾਂਟਾਂ ਨੂੰ ਕੋਲ ਇੰਡੀਆ ਦੀਆਂ ਸਹਾਇਕ ਕੰਪਨੀਆਂ ਵੱਲੋਂ ਇਨ੍ਹਾਂ ਨਾਲ ਹੋਏ ਫਿਊਲ ਸਪਲਾਈ ਸਮਝੌਤਿਆਂ ਦੇ ਤਹਿਤ ਕੋਲੇ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਇਸ ਵੇਲੇ ਸਪਲਾਈ ਲੋੜੀਂਦੇ ਪੱਧਰ ਤੋਂ ਵੀ ਬਹੁਤ ਘੱਟ ਹੈ।