
ਇਸ ਦੇ ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ।
ਨਵੀਂ ਦਿੱਲੀ – ਇੰਡੋ-ਅਮਰੀਕਨ ਚੈਂਬਰ ਆਫ਼ ਕਾਮਰਸ ਨੇ ਅਮਰੀਕੀ ਨਾਗਰਿਕਾਂ ਲਈ ਭਾਰਤ ’ਚ ਯਾਤਰਾ ਨੂੰ ਲੈ ਕੇ ਜਾਰੀ ਐਡਵਾਇਜ਼ਰੀ ਨੂੰ ‘ਬੇਬੁਨਿਆਦ’ ਦੱਸਦੇ ਹੋਏ ਭਾਰਤ ’ਚ ਯਾਤਰਾ ਨਾਲ ਜੁੜੇ ਜੋਖਮ ਬਾਰੇ ਬਣੀ ਧਾਰਨਾ ਨੂੰ ਦੂਰ ਕਰਨ ਲਈ ਇਸ ਦੀ ਸਮੀਖਿਆ ਕਰਨ ਦੀ ਮੰਗ ਕੀਤੀ। ਅਮਰੀਕਾ ਨੇ ਸ਼ੁੱਕਰਵਾਰ ਨੂੰ ਜਾਰੀ ਆਪਣੀ ਐਡਵਾਇਜ਼ਰੀ ’ਚ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਦੇ ਸਮੇਂ ‘ਅਪਰਾਧ ਅਤੇ ਅੱਤਵਾਦ’ ਦੇ ਮੱਦੇਨਜ਼ਰ ‘ਵਧੇਰੇ ਸਾਵਧਾਨੀ’ ਵਰਤਣ ਨੂੰ ਕਿਹਾ। ਇਸ ਦੇ ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ।
ਇੰਡੋ ਅਮਰੀਕਨ ਚੈਂਬਰ ਆਫ਼ ਕਾਮਰਸ ਨੇ ਕਿਹਾ ਕਿ ਭਾਰਤ ਦੀ ਯਾਤਰਾ ਸਬੰਧੀ ਇਹ ਐਡਵਾਇਜ਼ਰੀ ਤੱਥਾਂ ’ਤੇ ਆਧਾਰਿਤ ਨਹੀਂ ਹੈ। ਇਸ ਸੰਗਠਨ ਦੇ ਮੁਖੀ ਲਲਿਤ ਭਸੀਨ ਨੇ ਕਿਹਾ ਕਿ ਭਾਰਤ ਕਾਰੋਬਾਰ ਅਤੇ ਸੈਰ-ਸਪਾਟੇ ਲਈ ਸੁਰੱਖਿਅਤ ਥਾਂ ਹੈ ਅਤੇ ਭਾਰਤ ਆਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਕੋਈ ਖਤਰਾ ਨਹੀਂ ਹੈ। ਦੋਵੇਂ ਦੇਸ਼ਾਂ ਦਰਮਿਆਨ ਮਜ਼ਬੂਤ ਅਤੇ ਕਰੀਬੀ ਹੁੰਦੇ ਸਬੰਧਾਂ ਲਈ ਇਸ ਤਰ੍ਹਾਂ ਦੀ ਐਡਵਾਇਜ਼ਰੀ ਰੁਕਾਵਟ ਦਾ ਕੰਮ ਕਰੇਗੀ।
ਭਸੀਨ ਨੇ ਕਿਹਾ ਕਿ ਐਡਵਾਇਜ਼ਰੀ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਕਿ ਭਾਰਤ ’ਚ ਅਮਰੀਕੀ ਯਾਤਰੀਆਂ ਨੂੰ ਜੋਖਮ ਸਬੰਧੀ ਧਾਰਨਾ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ’ਚ ਮਾਮੂਲੀ ਹਿੰਸਕ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਹੋਰ ਦੇਸ਼ਾਂ ’ਚ ਜੋ ਕੁੱਝ ਹੋ ਰਿਹਾ ਹੈ, ਉਸ ਦੀ ਤੁਲਨਾ ’ਚ ਨਿਗੁਣੇ ਹਨ। ਉਨ੍ਹਾਂ ਨੇ ਇਸ ਯਾਤਰਾ ਐਡਵਾਇਜ਼ਰੀ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਇਹ ਅਸਲ ਤੱਥਾਂ ’ਤੇ ਆਧਾਰਿਤ ਨਹੀਂ ਹੈ।