
ਬੁਲੰਦਸ਼ਹਿਰ ਤੋਂ ਸ਼ਤਾਬਦੀ ਟਰੇਨ ਰਾਹੀਂ ਭੇਜੇ ਗਏ ਯਾਤਰੀ
ਨਵੀਂ ਦਿੱਲੀ: ਨਵੀਂ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਸ਼ਨੀਵਾਰ ਨੂੰ ਤਕਨੀਕੀ ਖਰਾਬੀ ਕਾਰਨ ਪਹੀਏ ਜਾਮ ਹੋਣ ਕਾਰਨ ਰੋਕ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਸ਼ਤਾਬਦੀ ਟਰੇਨ ਨਾਲ ਅੱਗੇ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ‘ਟਰੈਕਸ਼ਨ ਮੋਟਰ’ ਵਿੱਚ ਨੁਕਸ ਪੈਣ ਕਾਰਨ ਪਹੀਏ ਪੂਰੀ ਤਰ੍ਹਾਂ ਘੁੰਮਣ ਦੇ ਸਮਰੱਥ ਨਹੀਂ ਸਨ।
ਅਧਿਕਾਰੀਆਂ ਨੇ ਇਸ ਹਾਲਤ ਨੂੰ 'ਫਲੈਟ ਟਾਇਰ' ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਰਧ-ਹਾਈ ਸਪੀਡ ਰੇਲਗੱਡੀ ਸਵੇਰੇ 6 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਮੇਂ ਸਿਰ ਰਵਾਨਾ ਹੋਈ, ਪਰ 90 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਇਸ ਦੀ ਯਾਤਰਾ ਉੱਤਰ ਪ੍ਰਦੇਸ਼ ਦੇ ਖੁਰਜਾ ਸਟੇਸ਼ਨ 'ਤੇ ਸਮਾਪਤ ਕਰ ਦਿੱਤੀ ਗਈ।
ਵੰਦੇ ਭਾਰਤ 'ਤੇ ਸਵਾਰ ਸਾਰੇ 1068 ਯਾਤਰੀ ਦਿੱਲੀ ਤੋਂ ਭੇਜੀ ਗਈ ਸ਼ਤਾਬਦੀ ਐਕਸਪ੍ਰੈਸ 'ਚ ਸਵਾਰ ਹੋ ਗਏ ਅਤੇ ਦੁਪਹਿਰ 12:40 'ਤੇ ਅੱਗੇ ਦੀ ਯਾਤਰਾ ਲਈ ਰਵਾਨਾ ਹੋਏ। ਵੰਦੇ ਭਾਰਤ ਰੇਲਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਅੱਗੇ ਵਧਣ ਲੱਗੀ, ਪਰ ਸਵੇਰੇ 7.30 ਵਜੇ ਦਿੱਲੀ ਤੋਂ 67 ਕਿਲੋਮੀਟਰ ਦੂਰ ਵੇਰ ਸਟੇਸ਼ਨ (ਬੁਲੰਦਸ਼ਹਿਰ) 'ਤੇ ਰੁਕ ਗਈ। ਇਸ ਤੋਂ ਬਾਅਦ ਟਰੇਨ ਨੂੰ 20 ਕਿਲੋਮੀਟਰ ਅੱਗੇ ਖੁਰਜਾ ਸਟੇਸ਼ਨ ਤੱਕ ਲਿਜਾਇਆ ਗਿਆ।