
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਰਾਜ ਗੋਆ ਦੇ ਦੌਰੇ ’ਤੇ ਹਨ।
ਗੋਆ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਰਾਜ ਗੋਆ ਦੇ ਦੌਰੇ ’ਤੇ ਹਨ। ਇਸ ਦੌਰਾਨ ਉਹ ਚੋਣਾਵੀ ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਅਪਣਾ ਚੋਣ ਮਨੋਰਥ ਪੱਤਰ ਵੀ ਲੋਕਾਂ ਵਿਚ ਜਾਰੀ ਕਰ ਰਹੇ ਹਨ। ਅੱਜ ਗੋਆ ਵਿਚ ਸੀਐਮ ਕੇਜਰੀਵਾਲ ਨੇ ਕਿਹਾ ਕਿ ਸੂਬੇ ਵਿਚ ਸਾਡੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੀ ਤਰਜ ’ਤੇ ਹਰ ਪਿੰਡ ਵਿਚ ਸਰਕਾਰੀ ਸਕੂਲ ਬਣਾਏ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਵੀ ਦਿਤੀ ਜਾਵੇਗੀ। ਦੱਸ ਦੇਈਏ ਕਿ ਗੋਆ ਵਿਚ ਵਿਧਾਨ ਸਭਾ ਚੋਣਾਂ 2022 ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਇਲਾਜ ਦਾ ਸਾਰਾ ਖ਼ਰਚਾ ਦਿੱਲੀ ਸਰਕਾਰ ਸਹਿਣ ਕਰਦੀ ਹੈ। ਭਾਵੇਂ ਖ਼ਰਚਾ 40 ਲੱਖ ਰੁਪਏ ਹੀ ਆ ਜਾਵੇ। ਭਾਜਪਾ ਅਤੇ ਕਾਂਗਰਸ ਅਜਿਹਾ ਨਹੀਂ ਕਰਨਗੇ। ਆਮ ਆਦਮੀ ਪਾਰਟੀ ਨੂੰ ਗੋਆ ਵਿਚ ਵੀ ਲਿਆਉਣਾ ਪਵੇਗਾ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ,‘‘ਅਸੀਂ ਦਿੱਲੀ ਵਿਚ 24 ਘੰਟੇ ਬਿਜਲੀ ਦੇ ਰਹੇ ਹਾਂ। ਇਸ ਨਾਲ ਅਸੀਂ ਦਿੱਲੀ ਵਿਚ ਬਿਜਲੀ ਮੁਫ਼ਤ ਕਰ ਦਿਤੀ ਹੈ। ਜੇਕਰ ਗੋਆ ’ਚ ਸਾਡੀ ਸਰਕਾਰ ਬਣੀ ਤਾਂ ਅਸੀਂ ਇਥੇ ਵੀ ਬਿਜਲੀ ਮੁਫ਼ਤ ਕਰ ਦਿਆਂਗੇ। ਰੁਜ਼ਗਾਰ ਦੇਵਾਂਗੇ। ਹਰ ਮਹੀਨੇ 3000 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ। ਇਸ ਨੂੰ ਸਮਾਂ ਲੱਗੇਗਾ। ਅਸੀਂ ਝੂਠ ਨਹੀਂ ਬੋਲਦੇ।’’