
ਫਤਿਹਗੜ੍ਹ ਸਾਹਿਬ ਤੋਂ ਸਾਬਕਾ ਕਾਂਗਰਸੀ ਆਗੂ ਸਰਬਜੀਤ ਸਿੰਘ ਮੱਖਣ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ।
ਫਤਹਿਗੜ੍ਹ ਸਾਹਿਬ : ਕਿਸਾਨ 11 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਲੜ ਰਹੇ ਹਨ। ਇਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੀ ਲਗਾਤਾਰ ਡਟੇ ਹੋਏ ਹਨ। ਗੁਰਨਾਮ ਚੜੂਨੀ ਪਹਿਲਾਂ ਵੀ ਚੋਣਾਂ ਲੜਨ ਦੀ ਗੱਲ ਕਰ ਚੁੱਕੇ ਹਨ ਤੇ ਅੱਜ ਗੁਰਨਾਮ ਚੜੂਨੀ ਨੇ ਸਿਆਸਤ ਵਿਚ ਪੈਰ ਧਰ ਲਿਆ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਤੋਂ ਅਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।
Gurnam Singh Charuni
ਇਸ ਮੌਕੇ ਗੁਰਨਾਮ ਚੜੂਨੀ ਨੇ ਕਿਹਾ ਕਿ ਅੱਜ ਦੇਸ਼ ਦੇ ਇਨਸਾਨ,ਇਨਸਾਨੀਅਤ ਤੇ ਦੇਸ਼ ਦਾ ਸੰਵਿਧਾਨ ਖ਼ਤਰੇ ਵਿਚ ਹੈ ਤੇ ਜੋ ਵੋਟ ਹੈ ਉਹ ਰਵਾਇਤੀ ਪਾਰਟੀਆਂ ਦੀ ਨਹੀਂ ਬਲਕਿ ਲੋਕਾਂ ਦੀ ਵੋਟ ਹੈ ਤੇ 80 ਲੱਖ ਵੋਟਾਂ ਕਿਸਾਨਾਂ ਦੀਆਂ ਹਨ ਤੇ ਇਹਨੇਂ ਹੀ ਸਾਡੇ ਨਾਲ ਹੋਰ ਮਜ਼ਦੂਰ ਜੁੜੇ ਹੋਏ ਹਨ ਤੇ ਜੇ ਸਾਰੇ ਇਕੱਠੇ ਹੋ ਜਾਣ ਤਾਂ ਅਪਣਾ ਰਾਜ ਲਿਆ ਸਕਦੇ ਹਨ ਤੇ ਜਿਸ ਦੀ ਵੋਟ ਉਸ ਦਾ ਰਾਜ।
Gurnam Singh Chaduni
ਜਿਸ ਦਾ ਰਾਜ ਹੋਵੇਗਾ ਉਹ ਆਪ ਕਾਨੂੰਨ ਬਣਾ ਸਕਦੇ ਨੇ ਤੇ ਜੋ ਪੈਸੇ ਵੱਡੇ ਲੋਕਾਂ ਵੱਲ ਜਾ ਰਿਹਾ ਹੈ ਉਹ ਫਿਰ ਛੋਟੇ ਤੇ ਹੇਠਲੇ ਪੱਧਰ ਦੇ ਲੋਕਾਂ ਵੱਲ ਆਵੇਗਾ। ਗੁਰਨਾਮ ਚੜੂਨੀ ਨੇ ਪਾਰਟੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਪਾਰਟੀ ਰਜਿਸਟਰਡਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਮੀਦਵਾਰ ਐਲਾਨਿਆ ਜਾਂਦਾ ਹੈ ਪਰ ਅਸੀਂ ਪਹਿਲਾਂ ਹੀ ਇਹ ਤੈਅ ਕਰ ਲਿਆ ਹੈ ਕਿ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਕਾਂਗਰਸੀ ਆਗੂ ਸਰਬਜੀਤ ਸਿੰਘ ਮੱਖਣ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ। ਉਹਨਾਂ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੀ ਬਾਕੀ ਕਿਸਾਨ ਆਗੂ ਉਹਨਾਂ ਦਾ ਸਾਥ ਦੇਣਗੇ ਜਾਂ ਨਹੀਂ ਤਾਂ ਉਹਨਾਂ ਨੇ ਜਵਾਬ ਵਿਚ ਕਿਹਾ ਕਿ ਸਭ ਦੀ ਅਪਣੀ-ਅਪਣੀ ਸੋਚ ਹੈ।
ਕੈਪਟਨ ਬਾਰੇ ਪੁੱਛੇ ਸਵਾਲ 'ਤੇ ਚੜੂਨੀ ਨੇ ਕਿਹਾ ਕਿ ਜਦੋਂ ਕੈਪਟਨ ਆਪ ਮੁੱਖ ਮੰਤਰੀ ਸੀ ਉਸ ਸਮੇਂ ਤਾਂ ਉਹਨਾਂ ਕੋਲ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਤਾਕਤ ਨਹੀਂ ਸੀ ਤੇ ਹੁਣ ਜਦੋਂ ਉਹ ਪਾਰਟੀ ਤੋਂ ਬਾਹਰ ਹੋ ਗਏ ਹਨ ਤਾਂ ਉਹ ਕਿਸਾਨਾਂ ਦਾ ਨਾਮ ਲੈ ਕੇ ਢੋਂਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜੋ ਉਹ ਕਿਸਾਨੀ ਕਾਨੂੰਨ ਰੱਦ ਕਰਵਾਉਣ ਦੀ ਗੱਲ ਕਰ ਰਹੇ ਹਨ ਉਹ ਝੂਠ ਹੈ ਤੇ ਉਹਨਾਂ ਨੂੰ ਤਾਂ ਇਹ ਲੱਗਦਾ ਹੈ ਕਿ ਜਦੋਂ ਵੀ ਉਙ ਮੋਦੀ ਜਾਂ ਅਮਿਤ ਸ਼ਾਹ ਨਾਲ ਮੁਲਾਕਾਤ ਕਰਦੇ ਹਨ ਉਸ ਸਮੇਂ ਉਹ ਅਪਣੇ ਬਾਰੇ ਹੀ ਗੱਲ ਕਰਦੇ ਹਨ ਤੇ ਨਾਮ ਕਿਸਾਨਾਂ ਦਾ ਲੈ ਦਿੰਦੇ ਹਨ।