
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਦੋਤੀ ਜ਼ਿਲ੍ਹੇ ਵਿਚ ਇਕ ਘਰ ਢਹਿ ਗਿਆ, ਜਿਸ ਕਾਰਨ ਮਲਬੇ ਹੇਠ ਦੱਬਣ ਕਾਰਨ ਇਹਨਾਂ ਲੋਕਾਂ ਦੀ ਮੌਤ ਹੋ ਗਈ।
ਕਾਠਮੰਡੂ: ਮੰਗਲਵਾਰ ਰਾਤ 09:07 ਵਜੇ ਤੋਂ ਬੁੱਧਵਾਰ ਤੜਕੇ 2:12 ਵਜੇ ਤੱਕ ਪੰਜ ਘੰਟਿਆਂ ਦੇ ਅੰਦਰ ਨੇਪਾਲ ਵਿਚ ਤਿੰਨ ਵਾਰ ਭੂਚਾਲ ਆਇਆ। ਸਾਰੇ 3 ਭੂਚਾਲਾਂ ਦਾ ਕੇਂਦਰ ਨੇਪਾਲ ਦਾ ਡੋਟੀ ਜ਼ਿਲ੍ਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨੇਪਾਲ 'ਚ ਬੁੱਧਵਾਰ ਤੜਕੇ ਆਏ ਭੂਚਾਲ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਏਐਨਆਈ ਮੁਤਾਬਕ ਦੋਤੀ ਜ਼ਿਲ੍ਹੇ ਵਿਚ ਇਕ ਘਰ ਢਹਿ ਗਿਆ, ਜਿਸ ਕਾਰਨ ਮਲਬੇ ਹੇਠ ਦੱਬਣ ਕਾਰਨ ਇਹਨਾਂ ਲੋਕਾਂ ਦੀ ਮੌਤ ਹੋ ਗਈ।
ਪਹਿਲਾ ਭੂਚਾਲ ਨੇਪਾਲ ਵਿਚ 08 ਨਵੰਬਰ ਨੂੰ ਸਥਾਨਕ ਸਮੇਂ ਅਨੁਸਾਰ 09:07 ਵਜੇ ਆਇਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.7 ਸੀ। ਰਾਤ 09:56 ਵਜੇ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਸ ਦੀ ਤੀਬਰਤਾ 4.1 ਮਾਪੀ ਗਈ। ਫਿਰ ਬੁੱਧਵਾਰ ਤੜਕੇ 02.12 ਵਜੇ 6.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਨੇ ਮੁੱਖ ਜ਼ਿਲ੍ਹਾ ਅਧਿਕਾਰੀ ਕਲਪਨਾ ਸ਼੍ਰੇਸ਼ਠ ਦੇ ਹਵਾਲੇ ਨਾਲ ਦੱਸਿਆ ਕਿ ਪੰਜ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਦਰਜਨਾਂ ਘਰ ਤਬਾਹ ਹੋ ਗਏ।
ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿਚ ਇਕ ਔਰਤ ਅਤੇ ਦੋ ਬੱਚੇ ਸ਼ਾਮਲ ਹਨ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਨੇਪਾਲੀ ਫੌਜ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਦੱਸ ਦੇਈਏ ਕਿ ਬੁੱਧਵਾਰ ਤੜਕੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ 6.3 ਦੀ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਨੇਪਾਲ ਸੀ। ਰਾਜਧਾਨੀ ਦੇ ਕਈ ਇਲਾਕਿਆਂ 'ਚ ਰਾਤ ਕਰੀਬ 1.57 'ਤੇ ਆਏ ਭੂਚਾਲ ਦੇ ਝਟਕਿਆਂ ਤੋਂ ਲੋਕ ਅਚਾਨਕ ਜਾਗ ਗਏ।
ਭੂਚਾਲ ਵਿਗਿਆਨ ਕੇਂਦਰ ਅਨੁਸਾਰ ਇਸ ਦਾ ਕੇਂਦਰ ਨੇਪਾਲ ਸਰਹੱਦ ਨੇੜੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਤੋਂ 90 ਕਿਲੋਮੀਟਰ ਦੱਖਣ-ਪੂਰਬ ਵਿਚ ਸੀ। ਦਿੱਲੀ ਤੋਂ ਇਲਾਵਾ ਉੱਤਰਾਖੰਡ, ਹਿਮਾਚਲ ਅਤੇ ਉੱਤਰ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।