
ਲੋਕਤੰਤਰ ਵਿਚ ਮੀਡੀਆ ਦੀ ਭੂਮਿਕਾ 'ਤੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿਚ ਬਹੁਤ ਯੋਗਦਾਨ ਪਾਇਆ ਹੈ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਕੁਸ਼ਲਤਾ ਨੂੰ ਸੁਧਾਰਨ ਲਈ ਮੀਡੀਆ ਨੂੰ ਚੌਕਸ ਰਹਿਣ ਅਤੇ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨ ਦੀ ਲੋੜ ਹੈ। ਇਥੇ TIOL ਹੈਰੀਟੇਜ ਅਵਾਰਡ ਪ੍ਰੋਗਰਾਮ ਵਿਚ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਕਾਸ ਕਰੇਗਾ ਅਤੇ ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਰਾਹੀਂ ਦੁਨੀਆ ਨੂੰ ਅੱਗੇ ਦਾ ਰਸਤਾ ਦਿਖਾਏਗਾ।
ਉਹਨਾਂ ਕਿਹਾ ਕਿ ਭਾਰਤੀਆਂ ਦੀ ਇਕ ਪੂਰੀ ਨਵੀਂ ਪੀੜ੍ਹੀ ਉੱਭਰ ਕੇ ਸਾਹਮਣੇ ਆਈ ਹੈ ਜੋ ਅਭਿਲਾਸ਼ੀ ਹੈ ਅਤੇ ਸਰਕਾਰ 'ਤੇ ਬਿਹਤਰ ਕੰਮ ਕਰਨ ਅਤੇ ਪਾਰਦਰਸ਼ੀ ਹੋਣ ਲਈ ਦਬਾਅ ਵਧਾ ਰਹੀ ਹੈ। ਡਾ. ਮਨਮੋਹਨ ਸਿੰਘ ਨੇ ਆਪਣੇ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਔਖੇ ਸਮਿਆਂ ਦੌਰਾਨ ਦੇਸ਼ ਦੀ ਕਮਾਨ ਸੰਭਾਲਣ ਨੂੰ ਵੀ ਯਾਦ ਕੀਤਾ।
ਲੋਕਤੰਤਰ ਵਿਚ ਮੀਡੀਆ ਦੀ ਭੂਮਿਕਾ 'ਤੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿਚ ਬਹੁਤ ਯੋਗਦਾਨ ਪਾਇਆ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ, "ਸਾਨੂੰ ਉਮੀਦ ਹੈ ਕਿ ਮੀਡੀਆ ਚੌਕਸ ਰਹੇਗਾ ਅਤੇ ਇਸ ਤਰ੍ਹਾਂ ਸ਼ਾਸਨ ਦੀ ਕੁਸ਼ਲਤਾ ਵਿਚ ਸੁਧਾਰ ਕਰਨ ਵਿਚ ਮਦਦ ਕਰੇਗਾ।"
ਡਾ. ਮਨਮੋਹਨ ਸਿੰਘ ਨੂੰ TIOL ਫਿਸਕਲ ਹੈਰੀਟੇਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਨਮੋਹਨ ਸਿੰਘ ਅਨੁਸਾਰ, ਆਰਥਿਕ ਵਿਕਾਸ, ਸਮਾਜਿਕ ਤਬਦੀਲੀ ਅਤੇ ਰਾਜਨੀਤਿਕ ਸਸ਼ਕਤੀਕਰਨ ਨੇ ਭਾਰਤੀਆਂ ਦੀ ਪੂਰੀ ਨਵੀਂ ਪੀੜ੍ਹੀ ਦੀਆਂ ਇੱਛਾਵਾਂ ਨੂੰ ਜਗਾਇਆ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਵਜੋਂ ਉਹ ਬਰਾਬਰੀ ਅਤੇ ਨਿਆਂ ਲਈ ਵਚਨਬੱਧ ਰਹੇ। ਪ੍ਰੋਗਰਾਮ 'ਚ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਿੰਘ ਦੇ ਕਾਰਜਕਾਲ 'ਚ ਇਕ ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਲਿਆਂਦਾ ਗਿਆ।