
ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਮੁਹਾਲੀ:ਹਿਮਾਚਲ ਪ੍ਰਦੇਸ਼ ਦੇ ਚਿੰਤਪੁਰਨੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਰਾਹਤ ਮਿਲਣ ਵਾਲੀ ਹੈ। ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੀ ਸੜਕ ਹੁਣ ਚਾਰ ਮਾਰਗੀ ਹੋਣ ਜਾ ਰਹੀ ਹੈ। ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਗਡਕਰੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਹੁਸ਼ਿਆਰਪੁਰ (NH-344B) ਫਗਵਾੜਾ ਤੋਂ ਚਾਰ ਮਾਰਗੀ ਹੋਣ ਜਾ ਰਿਹਾ ਹੈ।
ਇਹ ਪ੍ਰੋਜੈਕਟ ਭਾਰਤੀ ਪ੍ਰੋਜੈਕਟ ਤਹਿਤ ਪਾਸ ਕੀਤਾ ਗਿਆ ਹੈ। ਹੁਣ ਜ਼ਿਲ੍ਹਾ ਜਲੰਧਰ, ਕਪੂਰਥਲਾ, ਐਸ.ਬੀ.ਐਸ.ਨਗਰ ਅਤੇ ਹੁਸ਼ਿਆਰਪੁਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਹੱਲ ਹੋ ਜਾਵੇਗੀ। ਟ੍ਰੈਫਿਕ ਜਾਮ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਦੁਰਘਟਨਾ ਦਾ ਡਰ ਰਹੇਗਾ। ਚਾਰ ਮਾਰਗੀ ਹੋਣ ਕਾਰਨ ਵੱਡੀ ਗਿਣਤੀ ਵਿਚ ਵਾਹਨ ਲੰਘ ਸਕਣਗੇ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਆਲੇ-ਦੁਆਲੇ ਦੇ ਖੇਤਰਾਂ ਦਾ ਵੀ ਵਿਕਾਸ ਹੋਵੇਗਾ।
ਦੱਸ ਦੇਈਏ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ 'ਤੇ ਇੱਕ ਰਿਲਾਇੰਸ ਕੰਪਨੀ ਵੀ ਹੈ। ਜਿਸ ਵਿੱਚ ਹਜ਼ਾਰਾਂ ਲੋਕ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇੱਕ ਵੱਡੀ ਟਰੈਕਟਰ ਕੰਪਨੀ ਵੀ ਟਰੈਕਟਰ ਤਿਆਰ ਕਰਦੀ ਹੈ। ਇਸ ਸੜਕ ਦੇ ਚਾਰ ਮਾਰਗੀ ਹੋਣ ਨਾਲ ਉਦਯੋਗਾਂ ਦਾ ਵੀ ਵਿਕਾਸ ਹੋਵੇਗਾ। ਕਈ ਵੱਡੀਆਂ ਕੰਪਨੀਆਂ ਵੀ ਇਸ ਸੜਕ 'ਤੇ ਫੈਕਟਰੀਆਂ ਆਦਿ ਖੋਲ੍ਹਣ ਲਈ ਪਹਿਲਕਦਮੀ ਕਰਨਗੀਆਂ।
ਇਸ 4-ਲੇਨ ਵਿੱਚ ਵਾਪਸ ਜਾਣ ਵਾਲਿਆਂ ਲਈ 2-ਲੇਨ ਅਤੇ ਵਾਪਸ ਆਉਣ ਵਾਲਿਆਂ ਲਈ 2-ਲੇਨ ਬਣਾਏ ਜਾਣਗੇ। ਦੱਸ ਦੇਈਏ ਕਿ ਇਸ ਰਸਤੇ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਹਿਮਾਚਲ ਪ੍ਰਦੇਸ਼ ਜਾਂਦੇ ਹਨ। ਖਾਸ ਕਰ ਕੇ ਪੰਜਾਬ ਵਾਸੀ ਮਾਂ ਚਿੰਤਪੁਰਨੀ ਨੂੰ ਜਾਣ ਲਈ ਇਸ ਰਸਤੇ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ।
ਸੜਕ ਸਿੰਗਲ ਹੋਣ ਕਾਰਨ ਇੱਥੇ ਰਾਤ ਸਮੇਂ ਕਈ ਵਾਰ ਹਾਦਸੇ ਵਾਪਰਦੇ ਰਹਿੰਦੇ ਹਨ। ਜਿਸ ਤੋਂ ਤੁਸੀਂ ਹੁਣ ਛੁਟਕਾਰਾ ਪਾ ਸਕਦੇ ਹੋ। ਇਸ ਪ੍ਰਾਜੈਕਟ ਵਿੱਚ ਕੇਂਦਰ ਸਰਕਾਰ ਵੱਲੋਂ 1553 ਕਰੋੜ ਰੁਪਏ ਪਾਸ ਕੀਤੇ ਗਏ ਹਨ। ਫਗਵਾੜਾ ਤੋਂ ਹੁਸ਼ਿਆਰਪੁਰ ਤੱਕ 48 ਕਿਲੋਮੀਟਰ ਚਾਰ ਮਾਰਗੀ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।