
ਅਡਾਨੀ ਸਮੂਹ ਦੀਆਂ 2 ਕੰਪਨੀਆਂ ਨੇ ਜਾਇਦਾਦ ਨਿਰਮਾਣ ’ਚ ਆਰ. ਆਈ. ਐੱਲ. ਨੂੰ ਪਿੱਛੇ ਛੱਡ ਦਿੱਤਾ
ਮੁੰਬਈ : ਅਡਾਨੀ ਸਮੂਹ ਦੀਆਂ 2 ਕੰਪਨੀਆਂ ਅਡਾਨੀ ਐਂਟਰਪ੍ਰਾਈਜੇਜ਼ ਅਤੇ ਅਡਾਨੀ ਟ੍ਰਾਂਸਮਿਸ਼ਨ ਦੇ ਨਾਲ ਹੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਅਗਵਾਈ ’ਚ ਚੋਟੀ ਦੀਆਂ 100 ਕੰਪਨੀਆਂ ਨੇ ਸਾਲ 2016-17 ਤੋਂ 2021-22 ਦੌਰਾਨ ਕੁੱਲ 92.2 ਲੱਖ ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਹੈ। ਇਕ ਰਿਪੋਰਟ ਮੁਤਾਬਕ 2022 ’ਚ ਹੁਣ ਤੱਕ ਅਡਾਨੀ ਸਮੂਹ ਦੀਆਂ ਉਕਤ 2 ਕੰਪਨੀਆਂ ਨੇ ਜਾਇਦਾਦ ਨਿਰਮਾਣ ’ਚ ਆਰ. ਆਈ. ਐੱਲ. ਨੂੰ ਪਿੱਛੇ ਛੱਡ ਦਿੱਤਾ ਹੈ।
ਹਾਲਾਂਕਿ ਰਿਲਾਇੰਸ ਇੰਡਸਟ੍ਰੀਜ਼ ਨੇ ਸਾਲ 2016-17 ਤੋਂ 2021-22 ਦੌਰਾਨ 5 ਸਾਲਾਂ ’ਚ ਜਾਇਦਾਦ ਨਿਰਮਾਣ ਦੇ ਸਾਰੇ ਰਿਕਾਰਡ ਤੋੜ ਦਿੱਤੇ। ਗੌਤਮ ਅਡਾਨੀ ਸਮੂਹ ਦੀਆਂ ਕੰਪਨੀਆਂ ਇਸ ਸਾਲ ਹੈਰਾਨੀਜਨਕ ਉਚਾਈਆਂ ’ਤੇ ਪਹੁੰਚ ਰਹੀਆਂ ਹਨ। ਇਸ ਦੌਰਾਨ ਸਮੂਹ ਨੇ ਕਈ ਜਾਇਦਾਦਾਂ ਖਰੀਦੀਆਂ ਅਤੇ ਨਵੇਂ ਖੇਤਰਾਂ ’ਚ ਐਂਟਰੀ ਕੀਤੀ। ਫੋਰਬਸ ਅਰਬਪਤੀਆਂ ਦੀ ਸੂਚੀ ਮੁਤਾਬਕ ਅਡਾਨੀ ਸਮੂਹ ’ਚ ਤੇਜ਼ੀ ਇੰਨੀ ਜ਼ਿਆਦਾ ਸੀ ਕਿ 16 ਸਤੰਬਰ ਨੂੰ ਅਡਾਨੀ 155.7 ਅਰਬ ਅਮਰੀਕੀ ਡਾਲਰ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ।
ਉਨ੍ਹਾਂ ਤੋਂ ਅੱਗੇ ਸਿਰਫ ਐਲਨ ਮਸਕ ਸਨ। ਇਸ ਦਿਨ ਅਡਾਨੀ ਐਂਟਰਪ੍ਰਾਈਜੇਜ਼, ਅਡਾਨੀ ਪੋਰਟ ਅਤੇ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰ ਰਿਕਾਰਡ ਉਚਾਈ ’ਤੇ ਸਨ। ਰਿਪੋਰਟ ਮੁਤਾਬਕ ਤਕਨਾਲੋਜੀ ਖੇਤਰ 2017-2022 ਦਰਮਿਆਨ ਜਾਇਦਾਦ ਬਣਾਉਣ ਦੇ ਲਿਹਾਜ ਨਾਲ ਸਭ ਤੋਂ ਵੱਡਾ ਖੇਤਰ ਰਿਹਾ। ਇਹ ਰਿਪੋਰਟ 2016-17 ਤੋਂ 2021-22 ਦੌਰਾਨ ਜਾਇਦਾਦ ਬਣਾਉਣ ਵਾਲੀਆਂ ਚੋਟੀ ਦੀਆਂ 100 ਕੰਪਨੀਆਂ ਦੇ ਅਧਿਐਨ ’ਤੇ ਆਧਾਰਿਤ ਹੈ।