ਕਿਹਾ : ਸਾਡਾ ਮਕਸਦ ਲੋਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਨੂੰ ਦੂਰ ਕਰਨਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਡੀ.ਏ. ਸੰਸਦੀ ਦਲ ਦੀ ਬੈਠਕ ਵਿੱਚ ਕਿਹਾ ਕਿ ਦੇਸ਼ ਹੁਣ ਪੂਰੀ ਤਰ੍ਹਾਂ ‘ਰਿਫਾਰਮ ਐਕਸਪ੍ਰੈੱਸ’ ਦੇ ਪੜਾਅ ਵਿੱਚ ਹੈ, ਜਿੱਥੇ ਸੁਧਾਰ ਤੇਜ਼ੀ ਨਾਲ ਅਤੇ ਸਪੱਸ਼ਟ ਇਰਾਦੇ ਨਾਲ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦਿੱਤਾ ਕਿ ਸਰਕਾਰ ਦੇ ਸੁਧਾਰ ਪੂਰੀ ਤਰ੍ਹਾਂ ਨਾਗਰਿਕ-ਕੇਂਦਰਿਤ ਹਨ, ਸਿਰਫ਼ ਆਰਥਿਕ ਜਾਂ ਮਾਲੀਆ-ਕੇਂਦਰਿਤ ਨਹੀਂ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਨੂੰ ਦੂਰ ਕਰਨਾ ਹੈ ਤਾਂ ਜੋ ਉਹ ਆਪਣੀ ਪੂਰੀ ਸਮਰੱਥਾ ਤੱਕ ਵਿਕਾਸ ਕਰ ਸਕਣ।
ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਵੱਲੋਂ ਆਉਂਦੀਆਂ ਅਸਲ ਸਮੱਸਿਆਵਾਂ ਨੂੰ ਸਰਗਰਮੀ ਨਾਲ ਸਾਂਝਾ ਕੀਤਾ ਜਾਵੇ, ਤਾਂ ਜੋ ‘ਰਿਫਾਰਮ ਐਕਸਪ੍ਰੈੱਸ’ ਹਰ ਘਰ ਤੱਕ ਪਹੁੰਚੇ ਅਤੇ ਰੋਜ਼ਾਨਾ ਦੀਆਂ ਮੁਸ਼ਕਲਾਂ ਦੂਰ ਹੋ ਸਕਣ। ਉਨ੍ਹਾਂ ਕਿਹਾ ਕਿ ਉਹ 30-40 ਪੰਨਿਆਂ ਵਾਲੇ ਫਾਰਮ ਅਤੇ ਬੇਲੋੜੇ ਕਾਗਜ਼ੀ ਕੰਮ ਦੀ ਸਭਿਆਚਾਰ ਨੂੰ ਖਤਮ ਕਰਨਾ ਚਾਹੁੰਦੇ ਹਨ । ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸੇਵਾਵਾਂ ਨਾਗਰਿਕਾਂ ਦੇ ਦਰਵਾਜ਼ੇ ’ਤੇ ਪਹੁੰਚਾਈਆਂ ਜਾਣ ਅਤੇ ਬਾਰ-ਬਾਰ ਡਾਟਾ ਭਰਨ ਦੀ ਲੋੜ ਨੂੰ ਖਤਮ ਕੀਤਾ ਜਾਵੇ।
ਪ੍ਰਧਾਨ ਮੰਤਰੀ ਨੇ ਯਾਦ ਕਰਵਾਇਆ ਕਿ ਸਰਕਾਰ ਨੇ ਨਾਗਰਿਕਾਂ ’ਤੇ ਭਰੋਸਾ ਕਰਦਿਆਂ ਸੈਲਫ-ਸਰਟੀਫਿਕੇਸ਼ਨ ਦੀ ਇਜਾਜ਼ਤ ਦਿੱਤੀ ਸੀ, ਅਤੇ ਇਹ ਭਰੋਸਾ 10 ਸਾਲਾਂ ਤੋਂ ਬਿਨਾਂ ਕਿਸੇ ਦੁਰਵਰਤੋਂ ਦੇ ਸਫਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਮੋਦੀ ਸਰਕਾਰ ਲਈ ‘ਈਜ਼ ਆਫ਼ ਲਿਵਿੰਗ’ (ਜੀਵਨ ਨੂੰ ਸੌਖਾ ਬਣਾਉਣਾ) ਅਤੇ ‘ਈਜ਼ ਆਫ਼ ਡੂਇੰਗ ਬਿਜ਼ਨਸ’ (ਵਪਾਰ ਕਰਨ ਨੂੰ ਸੌਖਾ ਬਣਾਉਣਾ) ਦੋਵੇਂ ਸਭ ਤੋਂ ਵੱਡੀਆਂ ਤਰਜੀਹਾਂ ਹਨ। ਇਹ ਸਾਰੀ ਜਾਣਕਾਰੀ ਭਰੋਸੇਯੋਗ ਸੂਤਰਾਂ ਵੱਲੋਂ ਦਿੱਤੀ ਗਈ ਹੈ।
