
ਵੱਖ ਵੱਖ ਕੇਂਦਰੀ ਟਰੇਡ ਯੂਨੀਅਨਾਂ ਦੀ ਦੋ ਦਿਨਾ ਦੇਸ਼ਵਿਆਪੀ ਹੜਤਾਲ ਦਾ ਦੇਸ਼ ਭਰ ਵਿਚ ਮਿਲਿਆ-ਜੁਲਿਆ ਅਸਰ ਦਿਸਿਆ.........
ਨਵੀਂ ਦਿੱਲੀ : ਵੱਖ ਵੱਖ ਕੇਂਦਰੀ ਟਰੇਡ ਯੂਨੀਅਨਾਂ ਦੀ ਦੋ ਦਿਨਾ ਦੇਸ਼ਵਿਆਪੀ ਹੜਤਾਲ ਦਾ ਦੇਸ਼ ਭਰ ਵਿਚ ਮਿਲਿਆ-ਜੁਲਿਆ ਅਸਰ ਦਿਸਿਆ। ਪਛਮੀ ਬੰਗਾਲ ਅਤੇ ਕੇਰਲਾ ਵਿਚ ਇੱਕਾ-ਦੁੱਕਾ ਘਟਨਾਵਾਂ ਹਿੰਸਕ ਘਟਨਾਵਾਂ ਵਾਪਰੀਆਂ ਅਤੇ ਰੇਲਗੱਡੀਆਂ ਰੋਕੀਆਂ ਗਈਆਂ। ਪਛਮੀ ਬੰਗਾਲ ਦੇ ਹਾਵੜਾ ਵਿਚ ਸਕੂਲੀ ਬਸਾਂ 'ਤੇ ਪਥਰਾਅ ਕੀਤਾ ਗਿਆ ਜਿਸ ਕਾਰਨ ਕਈ ਬੱਚੇ ਜ਼ਖ਼ਮੀ ਹੋ ਗਏ। ਦੇਸ਼ਭਰ ਵਿਚ ਬੈਂਕਿੰਗ ਅਤੇ ਬੀਮਾ ਸੇਵਾਵਾਂ ਵੀ ਪ੍ਰਭਾਵਤ ਹੋਈਆਂ। ਮਾਈਨਿੰਗ, ਸੜਕ ਆਵਾਜਾਈ ਅਤੇ ਬਿਜਲੀ ਜਿਹੇ ਖੇਤਰਾਂ ਵਿਚ ਵੀ ਹੜਤਾਲ ਦਾ ਅਸਰ ਦਿਸਿਆ।
ਸੰਘ ਨਾਲ ਜੁੜੀ ਭਾਰਤੀ ਮਜ਼ਦੂਰ ਸੰਘ ਨੂੰ ਛੱਡ ਕੇ 10 ਕੇਂਦਰੀ ਟਰੇਡ ਯੂਨੀਅਨਾਂ ਨੇ ਸਰਕਾਰ ਦੀਆਂ ਕਥਿਤ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਕਿਰਤ ਕਾਨੂੰਨ ਵਿਚ ਤਜਵੀਜ਼ਸ਼ੁਦਾ ਤਬਦੀਲੀ ਵਿਰੁਧ ਹੜਤਾਲ ਦਾ ਸੱਦਾ ਦਿਤਾ ਸੀ। ਪਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿਚ ਸਕੂਲ ਬਸਾਂ 'ਤੇ ਪੱਥਰ ਸੁੱਟੇ ਗਏ। ਕਲ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ। ਰਾਜ ਦੇ ਹੋਰ ਹਿਸਿਆਂ ਵਿਚ ਵੀ ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ। ਕੇਰਲਾ ਵਿਚ ਕਈ ਥਾਈਂ ਟਰੇਨਾਂ ਰੋਕੀਆਂ ਗਈਆਂ।
ਤਿਰੂਵਨੰਤਪੁਰਮ ਵਿਚ ਭਾਰਤੀ ਸਟੇਟ ਬੈਂਕ ਦੀ ਸ਼ਾਖ਼ਾ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ਹੈ।
ਇਥੇ ਰੇਲਵੇ ਸਟੇਸ਼ਨ 'ਤੇ ਗੱਡੀ ਵੀ ਰੋਕ ਲਈ ਗਈ। ਕੇਰਲਾ ਦੇ ਕਈ ਹਿੱਸਿਆਂ ਵਿਚ ਦੁਕਾਨਾਂ ਆਦਿ ਬੰਦ ਰਹੀਆਂ। ਆਟੋ ਰਿਕਸ਼ੇ ਵੀ ਸੜਕਾਂ ਤੋਂ ਗ਼ਾਇਬ ਰਹੇ। ਤਾਮਿਲਨਾਡੂ ਵਿਚ ਵੀ ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਗੱਡੀਆਂ ਰੋਕੀਆਂ ਅਤੇ ਤੇਲੰਗਾਨਾ ਵਿਚ ਕੁੱਝ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਤ ਰਿਹਾ। ਮੱਧ ਪ੍ਰਦੇਸ਼, ਉੜੀਸਾ, ਮੇਘਾਲਿਆ, ਮਨੀਪੁਰ ਵਿਚ ਵੀ ਹੜਤਾਲ ਦਾ ਅਸਰ ਦਿਸਿਆ। ਏਆਈਬੀਈਏ ਦੇ ਅਧਿਕਾਰੀ ਮੁਤਾਬਕ ਬੈਂਕਾਂ ਦੇ ਕੰਮਕਾਜ 'ਤੇ ਕਾਫ਼ੀ ਅਸਰ ਪਿਆ। (ਏਜੰਸੀ)