
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਹੁਣ ਤੱਕ 8 ਮੋਬਾਈਲ ਫ਼ੋਨ, 1 ਮੋਡਮ, ਵਾਈ-ਫਾਈ, 4 ਲੈਪਟਾਪ, 31 ਸਿਮ ਕਾਰਡ ਬਰਾਮਦ ਕੀਤੇ ਹਨ |
ਚੰਡੀਗੜ੍ਹ : ਚੰਡੀਗੜ੍ਹ ਦੇ ਪਾਲ ਮਰਚੈਂਟਸ ਨਾਲ 1.93 ਕਰੋੜ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਦਿੱਲੀ ਵਿੱਚ ਛਾਪੇਮਾਰੀ ਕਰਕੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕੇਸ 31 ਦਸੰਬਰ, 2022 ਨੂੰ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਸਿਰਸਾ ਦੇ ਪੰਕਜ ਕੁਮਾਰ (29), ਫਤਿਹਾਬਾਦ ਦੇ ਵਿਕਰਮ (28), ਮੁਕੇਸ਼ ਕੁਮਾਰ (29), ਰਾਜੇਂਦਰ ਪ੍ਰਸਾਦ (38) ਅਤੇ ਹਿਸਾਰ ਦੇ ਰੋਹਤਾਸ਼ ਕੁਮਾਰ (27) ਵਜੋਂ ਹੋਈ ਹੈ।
ਮਹਿਲਾ ਕਰਮਚਾਰੀ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੇ ਸਿਸਟਮ ਨੂੰ ਹੈਕ ਕਰਕੇ ਕਰੀਬ 1.93 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰ ਰਹੀ ਹੈ। ਇਸੇ ਮਾਮਲੇ ਵਿੱਚ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਹੁਣ ਤੱਕ 8 ਮੋਬਾਈਲ ਫ਼ੋਨ, 1 ਮੋਡਮ, ਵਾਈ-ਫਾਈ, 4 ਲੈਪਟਾਪ, 31 ਸਿਮ ਕਾਰਡ ਬਰਾਮਦ ਕੀਤੇ ਹਨ |
ਪਾਲ ਮਰਚੈਂਟਸ ਇੱਕ ਗੈਰ-ਬੈਂਕਿੰਗ ਵਿੱਤੀ ਕਾਰਪੋਰੇਸ਼ਨ ਵਜੋਂ ਕੰਮ ਕਰਦੀ ਹੈ। ਇਹ ਆਰਬੀਆਈ ਦੁਆਰਾ ਜਾਰੀ ਲਾਇਸੈਂਸ ਦੇ ਤਹਿਤ ਆਮ ਲੋਕਾਂ ਨੂੰ ਪ੍ਰੀਪੇਡ ਵਾਲਿਟ ਅਤੇ ਕਾਰਡ ਜਾਰੀ ਕਰਨ ਦਾ ਕੰਮ ਕਰਦੀ ਹੈ। ਇਹ ਮੋਬਾਈਲ ਐਪਲੀਕੇਸ਼ਨ ਰਾਹੀਂ ਜਾਰੀ ਕੀਤੇ ਜਾਂਦੇ ਹਨ। PaulPayV2.0 ਨਾਮ ਦੀ ਇਹ ਐਪਲੀਕੇਸ਼ਨ ਐਂਡ੍ਰਾਇਡ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਉਪਲਬਧ ਹੈ।
ਇਸ ਦੇ ਨਾਲ ਹੀ, ਗਾਹਕ ਇਸ ਮੋਬਾਈਲ ਐਪ ਰਾਹੀਂ ਕਈ ਤਰ੍ਹਾਂ ਦੀਆਂ ਭੁਗਤਾਨ ਸੇਵਾਵਾਂ (ਯੂਟਿਲਿਟੀ ਬਿੱਲਾਂ ਦਾ ਭੁਗਤਾਨ, ਮੋਬਾਈਲ ਰੀਚਾਰਜ, ਡੀਟੀਐਚ ਜਾਂ ਫਾਸਟੈਗ ਆਦਿ) ਦੀ ਵਰਤੋਂ ਕਰ ਸਕਦੇ ਹਨ। ਸ਼ਿਕਾਇਤ ਵਿੱਚ, ਇਹ ਸ਼ੱਕ ਜਤਾਇਆ ਗਿਆ ਸੀ ਕਿ ਪਾਲ ਮਰਚੈਂਟਸ ਦੀ ਸੇਵਾ/ਪੇਮੈਂਟ ਗੇਟਵੇ ਨੂੰ ਹੈਕ ਕੀਤਾ ਗਿਆ ਹੈ ਜਾਂ ਧੋਖਾਧੜੀ ਲਈ ਕੁਝ ਪ੍ਰੌਕਸੀ ਸਰਵਰ ਸਥਾਪਤ ਕੀਤੇ ਗਏ ਹੋ ਸਕਦੇ ਹਨ।