
ਕਿਹਾ, ਪਰਮਵੀਰ ਚੱਕਰ ਜੇਤੂ ਮੇਜਰ ਸ਼ੈਤਾਨ ਸਿੰਘ ਦੀ ਯਾਦਗਾਰ ਹਟਾਈ ਨਹੀਂ ਗਈ
ਲੇਹ ਦੇ ਚੁਸ਼ੂਲ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਕੌਂਸਲਰ ਕੋਨਚੋਕ ਸਟੈਂਜ਼ਿਨ ਨੇ ਦੇ ਇਕ ਟਵੀਟ ਤੋਂ ਬਾਅਦ ਵਿਵਾਦ ਪੈਦਾ ਹੋਣ ਮਗਰੋਂ ਸਟੈਂਜ਼ਿਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਟਵੀਟ ਨੂੰ ਗ਼ਲਤ ਅਰਥਾਂ ’ਚ ਲਿਆ ਗਿਆ ਹੈ ਅਤੇ ਪਰਮਵੀਰ ਚੱਕਰ ਜੇਤੂ ਮੇਜਰ ਸ਼ੈਤਾਨ ਸਿੰਘ ਦੀ ਯਾਦਗਾਰ ਹਟਾਈ ਨਹੀਂ ਗਈ ਹੈ।
ਸਟੈਂਜ਼ਿਨ ਦੇ 25 ਦਸੰਬਰ, 2023 ਵਾਲੇ ਟਵੀਟ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਕੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ। ਹਾਲਾਂਕਿ ਮੀਡੀਆ ’ਚ ਉਨ੍ਹਾਂ ਬਿਆਨ ਦੇ ਕੇ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਆਜ਼ਾਦ ਕੌਂਸਲਰ ਕੁੰਚੋਕ ਸਟੈਨਜ਼ਿਨ ਦੇ ਟਵੀਟ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 29 ਦਸੰਬਰ ਨੂੰ ਟਵੀਟ ਕੀਤਾ ਸੀ, ‘‘ਮਾਰਵਾੜ ਸਮੇਤ ਪੂਰਾ ਦੇਸ਼ ਮੇਰੇ ਗ੍ਰਹਿ ਜ਼ਿਲ੍ਹੇ ਜੋਧਪੁਰ ਦੇ ਬੇਟੇ ਅਤੇ ਪਰਮਵੀਰ ਚੱਕਰ ਜੇਤੂ ਮੇਜਰ ਸ਼ੈਤਾਨ ਸਿੰਘ ਜੀ ਦੀ ਯਾਦਗਾਰ ਹਟਾਉਣ ਦੀ ਖ਼ਬਰ ਸੁਣ ਕੇ ਹੈਰਾਨ ਹੈ, ਜੋ 1962 ਦੀ ਭਾਰਤ-ਚੀਨ ਜੰਗ ਵਿਚ ਸ਼ਹੀਦ ਹੋ ਗਏ ਸਨ।’’
ਜਦਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘1962 ’ਚ ਰੇਜੰਗਲਾ ਜੰਗ ਦੇ ਮਹਾਨ ਨਾਇਕ ਮੇਜਰ ਸ਼ੈਤਾਨ ਸਿੰਘ ਦੀ ਚੁਸ਼ੂਲ ਲੱਦਾਖ ’ਚ ਬਣੀ ਯਾਦਗਾਰ ਨੂੰ 2021 ’ਚ ਢਾਹੇ ਜਾਣ ਦੀ ਖ਼ਬਰ ਬਹੁਤ ਦੁਖਦਾਈ ਹੈ।’’ ਉਨ੍ਹਾਂ ਕਿਹਾ ਕਿ ਕੀ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਚੀਨ ਨਾਲ ਗੱਲਬਾਤ ਤੋਂ ਬਾਅਦ ਭਾਰਤੀ ਖੇਤਰ ਹੁਣ ਬਫਰ ਜ਼ੋਨ ’ਚ ਆ ਗਿਆ ਹੈ? ਮੋਦੀ ਸਰਕਾਰ ਚੀਨੀ ਇਰਾਦਿਆਂ ਅੱਗੇ ਝੁਕ ਗਈ ਹੈ।
ਹਾਲਾਂਕਿ ਵਿਵਾਦ ਵਧਣ ਮਗਰੋਂ ਚੁਸ਼ੂਲ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਕੌਂਸਲਰ ਕੋਨਚੋਕ ਸਟੈਨਜ਼ਿਨ ਨੇ ਮੀਡੀਆ ਨੂੰ ਕਿਹਾ, ‘‘ਮੈਂ ਜੋ ਪੋਸਟ ਕੀਤਾ ਉਸ ਦਾ ਮਤਲਬ ਕੁੱਝ ਹੋਰ ਸੀ ਅਤੇ ਲੋਕ ਕੁੱਝ ਹੋਰ ਸਮਝਦੇ ਸਨ। ਰੇਜ਼ਾਂਗਲਾ ਜੰਗ ਯਾਦਗਾਰ, ਜੋ 1963 ਤੋਂ ਬਣਾਈ ਗਈ ਹੈ, ਅਜੇ ਵੀ ਘਾਟੀ ’ਚ ਮੌਜੂਦ ਹੈ। ਮੈਂ ਜੋ ਪੋਸਟ ਕੀਤਾ ਉਹ ਇਕ ਦੂਜੀ ਯਾਦਗਾਰ ਬਾਰੇ ਸੀ, ਜਿਸ ਦਾ ਜ਼ਿਕਰ ਫ਼ੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਦੌਰਾਨ ਕੀਤਾ ਗਿਆ ਸੀ, ਜਿੱਥੇ ਮੇਜਰ ਸ਼ੈਤਾਨ ਸਿੰਘ ਦੀ ਲਾਸ਼ ਮਿਲੀ ਸੀ। ਇਸ ਪਿੱਛੇ ਹਟਣ ਦੀ ਪ੍ਰਕਿਰਿਆ ਵਿਚ ਭਾਰਤ ਅਤੇ ਚੀਨ ਦੋਹਾਂ ਪਾਸਿਆਂ ਤੋਂ ਕੁੱਝ ਢਾਂਚੇ ਹਟਾ ਦਿਤੇ ਗਏ ਹਨ।’’
ਉਨ੍ਹਾਂ ਕਿਹਾ, ‘‘ਮੈਂ ਜਿਸ ਯਾਦਗਾਰ ਦੀ ਗੱਲ ਕਰ ਰਿਹਾ ਹਾਂ, ਉਹ 2020 ’ਚ ਬਣਾਈ ਗਈ ਸੀ। ਜੇ ਤੁਸੀਂ ਰੇਜ਼ਾਂਗਲਾ ਮੈਮੋਰੀਅਲ ਗਏ ਹੋ, ਤਾਂ ਤੁਸੀਂ ਵੇਖਿਆ ਹੋਵੇਗਾ ਕਿ ਗੈਲਰੀ ਵਿਚ ਉਸ ਦੀ ਫੋਟੋ ਵੀ ਮੌਜੂਦ ਹੈ।’’
ਯਾਦਗਾਰ ਦਾ ਭਾਰਤ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਵਲੋਂ ਸਾਂਝੇ ਤੌਰ ’ਤੇ ਨਵੀਨੀਕਰਨ ਕੀਤਾ ਗਿਆ ਸੀ ਜਿੱਥੇ ਰੇਜ਼ਾਗਲਾ ਜੰਗ ਦੇ ਸ਼ਹੀਦਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ, ‘‘ਮੈਂ ਜੋ ਪੋਸਟ ਕੀਤਾ ਹੈ ਉਹ ਤੱਥ ਹੈ ਅਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ ਪਰ ਜੇਕਰ ਲੋਕ ਇਸ ਦੀ ਗਲਤ ਵਿਆਖਿਆ ਕਰਦੇ ਹਨ ਤਾਂ ਇਹ ਉਨ੍ਹਾਂ ਦੀ ਸਮੱਸਿਆ ਹੈ।’’