
Meerut Family Massacre: ਜਾਇਦਾਦ ਨੂੰ ਲੈ ਕੇ ਪ੍ਰਵਾਰਕ ਝਗੜੇ ਕਾਰਨ ਹੋਏ ਕਤਲ
Meerut Family Massacre: ਉੱਤਰ ਪ੍ਰਦੇਸ਼ ’ਚ ਮੇਰਠ ਜ਼ਿਲ੍ਹੇ ਦੇ ਲਿਸਾਡੀ ਗੇਟ ਦੇ ਸੁਹੇਲ ਗਾਰਡਨ ਇਲਾਕੇ ’ਚ ਇਕ ਹੀ ਪਰਵਾਰ ਦੇ 5 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਪੁਲਿਸ ਮੁਤਾਬਕ ਵੀਰਵਾਰ ਦੇਰ ਰਾਤ ਮੋਇਨ, ਉਸ ਦੀ ਪਤਨੀ ਆਸਮਾ ਅਤੇ ਉਨ੍ਹਾਂ ਦੀਆਂ ਤਿੰਨ ਜਵਾਨ ਧੀਆਂ ਦੀਆਂ ਲਾਸ਼ਾਂ 15 ਫੁੱਟਾ ਰੋਡ ਸਥਿਤ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ। ਇਹ ਦੁਖਦਾਈ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਸਾਰਾ ਦਿਨ ਘਰ ਦੇ ਦਰਵਾਜ਼ੇ ਬੰਦ ਰਿਹਣ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸ਼ੋਰ ਮਚਾਇਆ। ਪੰਜ ਮੈਂਬਰਾਂ ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਮਿਲੀਆਂ।
ਪੁਲਿਸ ਨੇ ਮਾਮਲੇ 'ਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਕੁਝ ਅਣਪਛਾਤੇ ਲੋਕਾਂ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਇਨ੍ਹਾਂ ਵਿਚੋਂ ਦੋ ਨਾਮਜ਼ਦ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁਛ ਗਿਛ ਕਰ ਰਹੀ ਹੈ। ਇਹ ਜਾਣਕਾਰੀ ਸ਼ੁਕਰਵਾਰ ਸਵੇਰੇ ਇਕ ਪੁਲਿਸ ਅਧਿਕਾਰੀ ਨੇ ਦਿਤੀ।
ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਜਾਇਦਾਦ ਨੂੰ ਲੈ ਕੇ ਪ੍ਰਵਾਰਕ ਝਗੜੇ ਕਾਰਨ ਹੋਏ ਹਨ। ਮੋਇਨ ਨੇ ਹਾਲ ਹੀ ਵਿਚ ਇਕ ਪਲਾਟ ਖ਼੍ਰੀਦਿਆ ਸੀ ਅਤੇ ਅਪਣੇ ਘਰ ਦੀ ਉਸਾਰੀ ਸ਼ੁਰੂ ਕੀਤੀ ਸੀ। ਪੁਲਿਸ ਨੇ ਪਰਵਾਰ ਦੇ 20 ਮੈਂਬਰਾਂ ਤੋਂ ਪੁਛ ਗਿਛ ਕੀਤੀ ਅਤੇ ਪ੍ਰਗਟਾਵਾ ਕੀਤਾ ਕਿ ਇਹ ਜਾਨਲੇਵਾ ਘਟਨਾ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਅੰਦਰੂਨੀ ਮਤਭੇਦ ਕਾਰਨ ਵਾਪਰੀ ਹੋ ਸਕਦੀ ਹੈ।
ਮੂਲ ਰੂਪ ਵਿਚ ਰੁੜਕੀ ਦਾ ਰਹਿਣ ਵਾਲਾ ਇਹ ਪਰਵਾਰ ਅਪਣੇ ਜੱਦੀ ਪਿੰਡ ਦੀ ਜ਼ਮੀਨ ਵੇਚ ਕੇ ਇੱਥੇ ਲਿਸੜੀ ਗੇਟ ਇਲਾਕੇ ਦੇ ਸੁਹੇਲ ਗਾਰਡਨ ਵਿਚ ਆ ਕੇ ਵਸਿਆ ਸੀ। ਮੋਈਨ ਅਤੇ ਅਸਮਾ ਦੇ ਵਿਆਹ ਨੂੰ ਦਸ ਸਾਲ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਸਨ, ਨੌਂ ਸਾਲ ਦੀ ਅਕਸਾ, ਤਿੰਨ ਸਾਲ ਦੀ ਅਜ਼ੀਜ਼ਾ ਅਤੇ ਇਕ ਸਾਲ ਦੀ ਅਲੀਜ਼ਾਬਾ। ਅਸਮਾ ਮੋਇਨ ਦੀ ਤੀਜੀ ਪਤਨੀ ਸੀ, ਜਦਕਿ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ।
ਸੀਨੀਅਰ ਪੁਲਿਸ ਕਪਤਾਨ ਡਾ: ਵਿਪਿਨ ਟਾਡਾ ਨੇ ਦਸਿਆ ਕਿ ਲੀਸਾੜੀ ਗੇਟ ਅਤੇ ਮੈਡੀਕਲ ਸਮੇਤ ਕਈ ਥਾਣਿਆਂ ਦੀ ਪੁਲਿਸ ਟੀਮਾਂ ਡੂੰਘੀ ਜਾਂਚ ਅਤੇ ਭਾਈਚਾਰਕ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਬੀਤੀ ਰਾਤ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਅਤੇ ਅੱਜ ਸਵੇਰੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਸੌਂਪ ਦਿਤਾ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਪੁਲਿਸ ਵਲੋਂ ਕੋਸ਼ਿਸ਼ਾਂ ਜਾਰੀ ਹਨ।