48 ਘੰਟਿਆਂ ਦੇ ਅੰਦਰ-ਅੰਦਰ ਮੰਗਿਆ ਜਵਾਬ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਵਿਵਾਦਿਤ ਵੀਡੀਓ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਨ 'ਤੇ ਦਿੱਲੀ ਵਿਧਾਨ ਸਭਾ ਨੇ ਸਖ਼ਤ ਰੁਖ ਅਪਣਾਇਆ ਹੈ। ਦਿੱਲੀ ਵਿਧਾਨ ਸਭਾ ਵੱਲੋਂ ਪੰਜਾਬ ਦੇ ਡੀ.ਜੀ.ਪੀ., ਸਾਈਬਰ ਕਰਾਈਮ ਦੇ ਸਪੈਸ਼ਲ ਡੀ.ਜੀ.ਪੀ. ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਤੋਂ ਪੂਰੇ ਮਾਮਲੇ ਬਾਰੇ 48 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਕੇਸ ਨਾਲ ਜੁੜੇ ਦਸਤਾਵੇਜ਼ ਅਤੇ ਲੈਬ ਦੀ ਰਿਪੋਰਟ ਵੀ ਮੰਗੀ ਗਈ ਹੈ।
ਇਸ ਮਾਮਲੇ ਵਿੱਚ 9 ਜਨਵਰੀ ਨੂੰ ਜਲੰਧਰ ਵਿੱਚ ਪੁਲਿਸ ਨੇ ਭਾਜਪਾ ਦੀ ਦਿੱਲੀ ਸਰਕਾਰ ਵਿੱਚ ਮੰਤਰੀ ਕਪਿਲ ਮਿਸ਼ਰਾ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਵੀਡੀਓ ਦੀ ਮੋਹਾਲੀ ਦੀ ਫੋਰੈਂਸਿਕ ਲੈਬ ਵਿੱਚ ਜਾਂਚ ਕਰਵਾਈ ਗਈ ਹੈ, ਜਿਸ ਵਿੱਚ ਸਪੱਸ਼ਟ ਹੋਇਆ ਹੈ ਕਿ ਆਤਿਸ਼ੀ ਨੇ ਕਿਤੇ ਵੀ "ਗੁਰੂ" ਸ਼ਬਦ ਦੀ ਵਰਤੋਂ ਨਹੀਂ ਕੀਤੀ। ਇਸ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਵਿੱਚ ਜਲੰਧਰ ਪੁਲਿਸ ਕਮਿਸ਼ਨਰ ਵਿਰੁੱਧ ਸ਼ਿਕਾਇਤ ਹੋ ਗਈ।
ਦਿੱਲੀ ਭਾਜਪਾ ਦੇ ਵਿਧਾਇਕ ਨੇ ਕਿਹਾ ਕਿ ਸਦਨ ਦੇ ਅੰਦਰ ਦੀ ਕਾਰਵਾਈ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੂਜੇ ਸੂਬੇ ਵਿੱਚ ਕੇਸ ਕਿਵੇਂ ਦਰਜ ਕਰ ਸਕਦੀ ਹੈ। ਇਹ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ। ਜਿਸ 'ਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਜਲੰਧਰ ਪੁਲਿਸ ਕਮਿਸ਼ਨਰ ਅਤੇ FIR ਦਰਜ ਕਰਨ ਨਾਲ ਜੁੜੇ ਸਾਰੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ’ਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਵਿਧਾਨ ਸਭਾ ਦੇ ਮਾਨਯੋਗ ਮੈਂਬਰ ਅਭੈ ਵਰਮਾ ਵੱਲੋਂ ਉਠਾਇਆ ਗਿਆ ਮਾਮਲਾ ਇਸ ਸਦਨ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਨਾਲ ਸਬੰਧਤ ਹੈ। ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਆਗੂ ਦੇ ਜਿਸ ਵੀਡੀਓ ਦੇ ਅਧਾਰ 'ਤੇ ਪੰਜਾਬ ਵਿੱਚ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਸਦਨ ਦੇ ਅੰਦਰ ਦੀ ਰਿਕਾਰਡਿੰਗ ਹੈ ਅਤੇ ਸਦਨ ਦੀ ਜਾਇਦਾਦ ਹੈ। ਇਸ ਵੀਡੀਓ 'ਤੇ ਇਸ ਤਰ੍ਹਾਂ ਕਾਰਵਾਈ ਕਰਨਾ ਅਤੇ ਮੰਤਰੀ ਵਿਰੁੱਧ ਐਫ.ਆਈ.ਆਰ. ਦਰਜ ਕਰਨਾ ਗੰਭੀਰ ਮਾਮਲਾ ਹੈ।
ਸਪੀਕਰ ਗੁਪਤਾ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਸਿੱਧਾ ਮਾਮਲਾ ਬਣਦਾ ਹੈ । ਸਦਨ ਇਸ 'ਤੇ ਐਕਸ਼ਨ ਲਵੇਗਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਵਿਰੁੱਧ ਜ਼ਰੂਰੀ ਕਾਰਵਾਈ 'ਤੇ ਵਿਚਾਰ ਕਰੇਗਾ, ਕਿਉਂਕਿ ਉਨ੍ਹਾਂ ਨੇ ਸਦਨ ਦੀ ਜਾਇਦਾਦ ਨਾਲ ਦਖਲਅੰਦਾਜ਼ੀ ਕੀਤੀ ਹੈ।
ਰਿਕਾਰਡਿੰਗ ਸਦਨ ਦੀ ਹੋਣ ਕਾਰਨ ਇਸ ਨੂੰ 'ਟੈਂਪਰਡ' ਕਹਿਣਾ ਖੁਦ ਸਦਨ ਦੀ ਮਰਿਆਦਾ ਵਿਰੁੱਧ ਹੈ। ਇਸ ਸਾਜ਼ਿਸ਼ ਵਿੱਚ ਜੋ ਵੀ ਲੋਕ ਸ਼ਾਮਲ ਹਨ, ਉਨ੍ਹਾਂ ਵਿਰੁੱਧ ਇਹ ਸਦਨ ਸਖ਼ਤ ਕਾਰਵਾਈ ਕਰੇਗਾ।
