ਭਾਜਪਾ ਨੇ ‘ਗੈਰ-ਜ਼ਿੰਮੇਵਾਰਾਨਾ’ ਟਿਪਣੀ ਦੀ ਕੀਤੀ ਨਿੰਦਾ
ਮੁੰਬਈ: ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਹਿਜਾਬ ਪਹਿਨੀ ਔਰਤ ਇਕ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ ਕਿਉਂਕਿ ਦੇਸ਼ ਦਾ ਸੰਵਿਧਾਨ ਪਾਕਿਸਤਾਨ ਦੇ ਉਲਟ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ।
ਉਨ੍ਹਾਂ ਦੀ ਟਿਪਣੀ ਉਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੱਖੀ ਪ੍ਰਤੀਕ੍ਰਿਆ ਦਿਤੀ, ਜਿਸ ਨੇ ਕਿਹਾ ਕਿ ਅਪਣੇ ‘ਗੈਰ-ਜ਼ਿੰਮੇਵਾਰਾਨਾ’ ਬਿਆਨ ਰਾਹੀਂ ਹੈਦਰਾਬਾਦ ਦੇ ਸੰਸਦ ਮੈਂਬਰ ਅੱਧਾ ਸੱਚ ਪੇਸ਼ ਕਰ ਰਹੇ ਹਨ ਕਿਉਂਕਿ ਮੁਸਲਿਮ ਔਰਤਾਂ ਹਿਜਾਬ ਨਹੀਂ ਪਹਿਨਣਾ ਚਾਹੁੰਦੀਆਂ।
15 ਜਨਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ਦੇ ਸੋਲਾਪੁਰ ’ਚ ਸ਼ੁਕਰਵਾਰ ਨੂੰ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਕਿਹਾ ਕਿ ਪਾਕਿਸਤਾਨ ਦੇ ਸੰਵਿਧਾਨ ਦੇ ਉਲਟ ਭਾਰਤ ਦਾ ਸੰਵਿਧਾਨ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਇਸ ਦਿਨ ਨੂੰ ਵੇਖਣ ਲਈ ਜ਼ਿੰਦਾ ਨਾ ਰਹਿਣ, ਪਰ ਭਵਿੱਖ ਵਿਚ ਉਹ ਦਿਨ ਆਵੇਗਾ ਜਦੋਂ ਹਿਜਾਬ ਪਹਿਨਣ ਵਾਲੀ ਔਰਤ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ।
ਇਸ ਦਾ ਜਵਾਬ ਦਿੰਦੇ ਹੋਏ ਭਾਜਪਾ ਸੰਸਦ ਮੈਂਬਰ ਅਨਿਲ ਬਾਂਡੇ ਨੇ ਕਿਹਾ ਕਿ ਓਵੈਸੀ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ ਅਤੇ ਉਨ੍ਹਾਂ ਉਤੇ ਅੱਧਾ ਸੱਚ ਪੇਸ਼ ਕਰਨ ਦਾ ਦੋਸ਼ ਲਾਇਆ। ਇਹ ਕਹਿੰਦੇ ਹੋਏ ਕਿ ਈਰਾਨ ਵਿਚ ਔਰਤਾਂ ਹਿਜਾਬ ਦਾ ਵਿਰੋਧ ਕਰ ਰਹੀਆਂ ਹਨ, ਬੋਂਡੇ ਨੇ ਦਾਅਵਾ ਕੀਤਾ ਕਿ ਮੁਸਲਿਮ ਔਰਤਾਂ ਇਸ ਨੂੰ ਨਹੀਂ ਚਾਹੁੰਦੀਆਂ ਕਿਉਂਕਿ ਕੋਈ ਵੀ ਅਧੀਨਗੀ ਨਹੀਂ ਚਾਹੁੰਦਾ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਰਤ ਵਿਚ ਵਸੋਂ ਅਸੰਤੁਲਨ ਉੱਭਰ ਰਿਹਾ ਹੈ ਅਤੇ ਹਿੰਦੂ ਏਕਤਾ ਦੀ ਮੰਗ ਕੀਤੀ।
