
ਸੀ.ਬੀ.ਆਈ. ਨੇ ਚਿਟ ਫ਼ੰਡ ਘੋਟਾਲੇ ਸਬੰਧੀ ਕੋਲਕਾਤਾ ਪੁਲਿਸ ਕਮਿਸ਼ਨਰ ਤੋਂ ਇਥੇ ਅਪਣੇ ਦਫ਼ਤਰ 'ਚ ਸਨਿਚਰਵਾਰ ਨੂੰ ਪੁੱਛ-ਪੜਤਾਲ ਸ਼ੁਰੂ ਕਰ ਦਿਤੀ.....
ਸ਼ਿਲਾਂਗ : ਸੀ.ਬੀ.ਆਈ. ਨੇ ਚਿਟ ਫ਼ੰਡ ਘੋਟਾਲੇ ਸਬੰਧੀ ਕੋਲਕਾਤਾ ਪੁਲਿਸ ਕਮਿਸ਼ਨਰ ਤੋਂ ਇਥੇ ਅਪਣੇ ਦਫ਼ਤਰ 'ਚ ਸਨਿਚਰਵਾਰ ਨੂੰ ਪੁੱਛ-ਪੜਤਾਲ ਸ਼ੁਰੂ ਕਰ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ, ਉਨ੍ਹਾਂ ਦੇ ਵਕੀਲ ਵਿਸ਼ਵਜੀਤ ਦੇਬ ਅਤੇ ਸੀਨੀਅਰ ਆਈ.ਪੀ.ਐਸ ਅਧਿਕਾਰੀ ਜਾਵੇਦ ਸ਼ਮੀਮ ਅਤੇ ਮੁਰਲੀਧਰ ਸ਼ਰਮਾ 11 ਵਜੇ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ ਜਿਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਕੁਮਾਰ ਦੇ ਵਕੀਲ ਅਤੇ ਦੋ ਆਈ.ਪੀ.ਐਸ. ਅਧਿਕਾਰੀਆਂ ਨੂੰ 30 ਮਿੰਟ ਵਿਚ ਹੀ ਸੀ.ਬੀ.ਆਈ . ਦਫ਼ਤਰ ਤੋਂ ਬਾਹਰ ਜਾਣ ਲਈ ਕਹਿ ਦਿਤਾ ਗਿਆ।
ਮੇਘਾਲਿਆ ਦੀ ਰਾਜਧਾਨੀ ਵਿਚ ਓਕਲੈਂਡ ਇਲਾਕਾ ਸਥਿਤ ਸਖ਼ਤ ਸੁਰਖਿਆ ਵਾਲੇ ਸੀ.ਬੀ.ਆਈ. ਦਫ਼ਤਰ ਵਿਚ ਕੁਮਾਰ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਥੇ ਸੀ.ਬੀ.ਆਈ. ਦੇ ਤਿੰਨ ਸੀਨੀਅਰ ਅਧਿਕਾਰੀ ਦਿੱਲੀ ਤੋਂ ਸ਼ੁਕਰਵਾਰ ਨੂੰ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਲਕਾਤਾ ਪੁਲਿਸ ਮੁਖੀ ਨੂੰ ਸੀ.ਬੀ.ਆਈ. ਸਾਹਮਦੇ ਪੇਸ਼ ਹੋਣ ਅਤੇ ਸ਼ਾਰਦਾ ਚਿਟ ਫ਼ੰਡ ਘੋਟਾਲੇ ਸਬੰਧੀ ਮਾਮਲਿਆਂ ਦੀ ਜਾਂਚ ਵਿਚ ਸਹਿਯੋਗ ਕਰਨ ਦਾ ਹੁਕਮ ਦਿਤਾ ਸੀ। ਨਾਲ ਹੀ, ਕੋਰਟ ਨੇ ਇਹ ਸਪੱਸ਼ਟ ਕਰ ਦਿਤਾ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ।
ਸੀ.ਬੀ.ਆਈ. ਨੇ ਉੱਚ ਅਦਾਲਤ 'ਚ ਦੋਸ਼ ਲਗਾਇਆ ਸੀ ਕਿ ਸ਼ਾਰਦਾ ਚਿਟ ਫ਼ੰਡ ਘੋਟਾਲੇ ਦੀ ਜਾਂਚ ਵਿਚ ਐਸ.ਆਈ.ਟੀ. ਦੀ ਅਗਵਾਈ ਕਰਨ ਵਾਲੇ ਕੁਮਾਰ ਨੇ ਇਲੈਕਟ੍ਰਾਨਿਕ ਸਬੂਤਾਂ ਨਾਲ ਛੇੜਛਾੜ ਕੀਤੀ ਅਤੇ ਸੀ.ਬੀ.ਆਈ. ਨੂੰ ਜੋ ਦਸਤਾਵੇਜ਼ ਸੌਂਪੇ, ਉਨ੍ਹਾਂ ਵਿਚ ਕੁਝ ਬਦਲਾਅ ਕੀਤੇ ਹੋਏ ਸਨ। ਉੱਚ ਅਦਾਲਤ ਨੇ ਕੁਮਾਰ ਨੂੰ ਇਕ 'ਨਿਊਟਰਲ' ਜਗ੍ਹਾ ਸ਼ਿਲਾਂਗ ਵਿਚ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿਤਾ ਤਾਂਕਿ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਦੇ ਅਧਿਕਾਰੀ ਪੁੱਛ-ਪੜਤਾਲ ਕਰਨ ਲਈ ਤਿੰਨ ਫ਼ਰਵਰੀ ਨੂੰ ਕੋਲਕਾਤਾ ਵਿਚ ਕੁਮਾਰ ਦੇ ਘਰ ਗਏ ਸਨ ਪਰ ਪੁਲਿਸ ਨੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿਤੀ। ਸੀ.ਬੀ.ਆਈ. ਦੀ ਕਾਰਵਾਈ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੰਨ ਦਿਨ ਤਕ ਧਰਨਾ ਦਿਤਾ। (ਪੀਟੀਆਈ)