
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਅਰੁਣਾਂਚਲ ਪ੍ਰਦੇਸ਼ 'ਚ 4000 ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਵਾਲੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ.....
ਈਟਾਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਅਰੁਣਾਂਚਲ ਪ੍ਰਦੇਸ਼ 'ਚ 4000 ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਵਾਲੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਵੇਦਨਸ਼ੀਲ ਸਰਹੱਦੀ ਸੂਬਿਆਂ ਨਾਲ ਸੰਪਰਕ ਸੁਧਾਰ ਲਈ ਕਈ ਕੰਮ ਕਰ ਰਹੀ ਹੈ। ਉਧਰ ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਂਚਲ ਪ੍ਰਦੇਸ਼ ਦੇ ਦੌਰੇ ਦਾ 'ਸਖ਼ਤੀ ਨਾਲ ਵਿਰੋਧ' ਕੀਤਾ ਅਤੇ ਕਿਹਾ ਕਿ ਉਹ ਕਦੀ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਨੂੰ ਮਾਨਤਾ ਨਹੀਂ ਦੇਵੇਗਾ ਅਤੇ ਭਾਰਤੀ ਆਗੂਆਂ ਨੂੰ ਅਜਿਹੀ ਕਿਸੇ ਕਾਰਵਾਈ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
Chinese president Xi Jinping
ਜੋ 'ਸਰਹੱਦੀ ਸਵਾਲ ਨੂੰ ਗੁੰਝਲਦਾਰ' ਬਣਾਉਂਦੀ ਹੋਵੇ। ਚੀਨ ਦਾਅਵਾ ਕਰਦਾ ਹੈ ਕਿ ਅਰੁਣਾਂਚਲ ਪ੍ਰਦੇਸ਼ ਦਖਣੀ ਤਿੱਬਤ ਦਾ ਹਿੱਸਾ ਹੈ। ਭਾਰਤ ਅਤੇ ਚੀਨ ਸਰਹੱਦੀ ਵਿਵਾਦ ਨਿਪਟਾਉਣ ਲਈ ਹੁਣ ਤਕ ਚਰਚਾ ਦੇ 21 ਦੌਰ ਚਲ ਚੁੱਕੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਤੇ ਪਾਈ ਪ੍ਰਤੀਕਿਰਿਆ 'ਚ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਕਿਹਾ, ''ਚੀਨ ਭਾਰਤ ਨੂੰ ਅਪੀਲ ਕਰਦਾ ਹੈ ਕਿ ਉਹ ਦੋਹਾਂ ਦੇਸ਼ਾਂ ਦੇ ਸਾਂਝੇ ਹਿਤਾਂ ਨੂੰ ਧਿਆਨ 'ਚ ਰੱਖੇ। ਚੀਨ ਦੇ ਹਿਤਾਂ ਅਤੇ ਚਿੰਤਾਵਾਂ ਦਾ ਮਾਣ ਕਰੇ। ਦੁਵੱਲੇ ਰਿਸ਼ਤਿਆਂ 'ਚ ਸੁਧਾਰ ਦੀ ਗਤੀ ਬਰਕਰਾਰ ਰੱਖੇ ਅਤੇ ਅਜਿਹੀ ਕਾਰਵਾਈ ਤੋਂ ਪਰਹੇਜ਼ ਕਰਨ ਜੋ ਵਿਵਾਦ ਨੂੰ ਵਧਾਉਣ
ਜਾਂ ਸਰਹੱਦ ਦੇ ਸਵਾਲ ਨੂੰ ਉਲਝਾ ਦੇਣ।'' ਜਦਕਿ ਚੀਨ ਦੇ ਇਤਰਾਜ਼ ਕਰਨ 'ਤੇ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਵੀ ਕਿਹਾ ਹੈ ਕਿ ਅਰੁਣਾਂਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਉਸ ਨੇ ਕਈ ਵਾਰੀ ਚੀਨ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ। ਈਟਾਨਗਰ ਦੇ ਆਈ.ਜੀ. ਪਾਰਕ 'ਚ ਕਰਵਾਏ ਇਕ ਪ੍ਰੋਗਰਾਮ 'ਚ ਅੱਜ ਮੋਦੀ ਨੇ ਅਰੁਣਾਂਚਲ ਪ੍ਰਦੇਸ਼ ਨੂੰ ਦੇਸ਼ ਦੀ ਸ਼ਾਨ ਦਸਦਿਆਂ ਕਿਹਾ, ''ਇਹ ਦੇਸ਼ ਦਾ ਦਰਵਾਜ਼ਾ ਹੈ ਕਿਉਂਕਿ ਇਹ ਸਰਹੱਦੀ ਦੀ ਰਾਖੀ ਕਰਦਾ ਹੈ। ਸੂਬੇ ਦਾ ਕਿਸੇ ਵੀ ਕੀਮਤ 'ਤੇ ਵਿਕਾਸ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਰੁਣਾਂਚਲ ਪ੍ਰਦੇਸ਼ ਦੇਸ਼ ਦੀ ਸ਼ਰਧਾ ਦਾ ਪ੍ਰਤੀਕ ਹੈ ਕਿਉਂਕਿ ਇਹ ਸਾਨੂੰ ਤਾਕਤ ਦਿੰਦਾ ਹੈ।
ਲੋਕ ਇਕ-ਦੂਜੇ ਨੂੰ 'ਜੈ ਹਿੰਦ' ਬੋਲ ਕੇ ਸੰਬੋਧਨ ਕਰਦੇ ਹਨ ਅਤੇ ਮੈਂ ਉਨ੍ਹਾਂ ਦੀ ਦੇਸ਼ਭਗਤੀ ਨੂੰ ਸਲਾਮ ਕਰਦਾ ਹਾਂ। ਮੋਦੀ ਨੇ ਕਿਹਾ ਕਿ ਅਰੁਣਾਂਚਲ ਪ੍ਰਦੇਸ਼ ਅਤੇ ਪੂਰੇ ਪੂਰਬ-ਉੱਤਰ ਦਾ ਵਿਕਾਸ ਹੋਣ 'ਤੇ ਹੀ ਭਾਰਤ ਦਾ ਵਿਕਾਸ ਹੋਵੇਗਾ। ਮੋਦੀ ਨੇ ਆਈ.ਜੀ. ਪਾਰਕ 'ਚ ਰੀਮੋਟ ਜ਼ਰੀਏ ਹੋਲੋਂਗੀ 'ਚ ਗ੍ਰੀਨਫ਼ੀਲਡ ਹਵਾਈ ਅੱਡੇ ਦਾ ਨੀਂਹ ਪੱਥਰ ਰਖਿਆ ਅਤੇ ਲੋਹਿਤ ਜ਼ਿਲ੍ਹੇ ਦੇ ਤੇਜੂ 'ਚ ਇਕ ਰੇਟ੍ਰੋਫ਼ਿਟਡ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਹ ਗੁਹਾਟੀ, ਜੋਰਹਾਟ ਅਤੇ ਹੇਲੋਂਗੀ ਨੂੰ ਜੋੜੇਗਾ। ਉਨ੍ਹਾਂ ਸੇਲਾ ਸੁਰੰਗ ਦਾ ਨੀਂਹ ਪੱਥਰ ਵੀ ਰਖਿਆ।
ਇਹ ਆਮ ਲੋਕਾਂ ਦੇ ਨਾਲ ਸੁਰੱਖਿਆ ਬਲਾਂ ਨੂੰ ਤਵਾਂਗ ਵਾਦੀ ਨਾਲ ਹਰ ਮੌਸਮ 'ਚ ਜੋੜੀ ਰੱਖੇਗੀ। ਉਨ੍ਹਾਂ ਅਰੁਣਾਂਚਲ ਪ੍ਰਦਸ਼ ਲਈ ਇਕ ਨਵੇਂ ਦੂਰਦਰਸ਼ਨ ਚੈਨਲ 'ਡੀਡੀ ਅਰੁਥ ਪ੍ਰਭਾ' ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 110 ਮੈਗਾਵਆਂ ਪਾਰੇ ਪਣਬਿਜਲੀ ਪਲਾਂਟ ਦੇਸ਼ ਨੂੰ ਸੌਂਪਿਆ ਜੋ ਪੂਰਬ-ਉੱਤਰ ਭਾਰਤ ਨੂੰ ਸਸਤੀ ਪਣਬਿਜਲੀ ਦੇਵੇਗਾ। (ਪੀਟੀਆਈ)